Punjabi Singer Daler Mehndi : ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ( Daler Mehndi ) ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਸੁਰਖੀਆਂ 'ਚ ਆਉਣ ਦਾ ਕਾਰਨ ਉਸ ਦਾ ਗੀਤ ਨਹੀਂ ਸਗੋਂ ਹਰਿਆਣਾ ਦੇ ਗੁਰੂਗ੍ਰਾਮ 'ਚ ਉਸ ਖਿਲਾਫ ਹੋਈ ਕਾਰਵਾਈ ਹੈ। ਦਰਅਸਲ, ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਸੋਹਨਾ ਵਿੱਚ ਦਮਦਮਾ ਝੀਲ ਨੇੜੇ ਗਾਇਕ ਦਲੇਰ ਮਹਿੰਦੀ ਸਮੇਤ ਤਿੰਨ ਲੋਕਾਂ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ। ਨਗਰ ਯੋਜਨਾ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।



ਇਸ ਵਜ੍ਹਾ ਕਰਕੇ ਹੋਈ ਕਾਰਵਾਈ  

ਜ਼ਿਲ੍ਹਾ ਟਾਊਨ ਪਲਾਨਰ (ਡੀਟੀਪੀ) ਅਮਿਤ ਮਧੋਲੀਆ ਨੇ ਕਿਹਾ, 'ਇਹ ਝੀਲ ਦੇ ਕੈਚਮੈਂਟ ਖੇਤਰ ਵਿੱਚ ਬਣਾਏ ਗਏ ਅਣਅਧਿਕਾਰਤ ਫਾਰਮ ਹਾਊਸ ਸਨ। ਇਨ੍ਹਾਂ ਤਿੰਨਾਂ ਫਾਰਮ ਹਾਊਸਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਅਰਾਵਲੀ ਰੇਂਜ ਵਿੱਚ ਬਿਨਾਂ ਕਿਸੇ ਇਜਾਜ਼ਤ ਦੇ ਬਣਾਏ ਗਏ ਸਨ। ਦੱਸ ਦੇਈਏ ਕਿ ਸੋਨੀਆ ਘੋਸ਼ ਬਨਾਮ ਹਰਿਆਣਾ ਰਾਜ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਹੁਕਮਾਂ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਤਿੰਨ ਫਾਰਮ ਹਾਊਸਾਂ ਦੇ ਖਿਲਾਫ ਇਹ ਮੁਹਿੰਮ ਚਲਾਈ ਗਈ ਹੈ। 


 

ਕਾਰਵਾਈ ਦੌਰਾਨ ਥਾਣਾ ਸਦਰ ਸੋਹਾਣਾ ਦੇ ਥਾਣੇਦਾਰ ਦੀ ਅਗਵਾਈ ਹੇਠ ਪੁਲੀਸ ਦੀ ਟੀਮ ਉਥੇ ਤਾਇਨਾਤ ਸੀ। ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਜਿਨ੍ਹਾਂ ਤਿੰਨ ਫਾਰਮ ਹਾਊਸਾਂ ਨੂੰ ਸੀਲ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਇੱਕ ਪੰਜਾਬੀ ਗਾਇਕ ਦਲੇਰ ਮਹਿੰਦੀ ਦਾ ਹੈ। ਇਹ ਫਾਰਮ ਹਾਊਸ ਕਰੀਬ ਡੇਢ ਏਕੜ ਰਕਬੇ ਵਿੱਚ ਬਣਿਆ ਹੈ।

ਇਸ ਤੋਂ ਪਹਿਲਾਂ ਵੀ ਕਈ ਵਿਵਾਦਾਂ 'ਚ ਘਿਰ ਚੁੱਕੇ ਗਾਇਕ  

ਦੱਸ ਦੇਈਏ ਕਿ ਦਲੇਰ ਮਹਿੰਦੀ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿੱਚ ਆ ਚੁੱਕੇ ਹਨ। ਉਸ ਖ਼ਿਲਾਫ਼ ਸਾਲ 2003 ਵਿੱਚ ਕਬੂਤਰਬਾਜ਼ੀ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ। ਦਲੇਰ ਮਹਿੰਦੀ 'ਤੇ ਭਰਾ ਸ਼ਮਸ਼ੇਰ ਨਾਲ ਮਿਲ ਕੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਗਰੁੱਪ ਚਲਾਉਣ ਦਾ ਦੋਸ਼ ਸੀ। ਇਸ ਰਾਹੀਂ ਉਹ 1998 ਤੋਂ 1999 ਦਰਮਿਆਨ 10 ਲੋਕਾਂ ਨੂੰ ਵਿਦੇਸ਼ ਲੈ ਗਿਆ ਅਤੇ ਉਨ੍ਹਾਂ ਨੂੰ ਉੱਥੇ ਛੱਡ ਗਿਆ। ਮਨੁੱਖੀ ਤਸਕਰੀ ਦੇ ਇਸ 19 ਸਾਲ ਪੁਰਾਣੇ ਕੇਸ ਵਿੱਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਵੀ ਦਲੇਰ ਮਹਿੰਦੀ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ 16 ਮਾਰਚ 2018 ਨੂੰ ਉਸ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ।