ਚੰਡੀਗੜ੍ਹ : ਆਮ ਆਦਮੀ ਪਾਰਟੀ ਵਿੱਚ ਲੁਧਿਆਣਾ ਦਾ ਇੱਕ ਨਾਮੀ ਗਾਇਕ ਸ਼ਾਮਲ ਹੋਣ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਅੱਜ ਸ਼ਾਮੀ ਪ੍ਰੈਸ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਇਸ ਗੱਲ ਦਾ ਐਲਾਨ ਕੀਤਾ ਜਾਵੇਗਾ। 'ਵੰਗਾਂ ਮੇਚ ਨਾ ਆਈਆਂ' ਗਾਣੇ ਨਾਲ ਪ੍ਰਸਿੱਧ ਹੋਣ ਵਾਲੇ ਇਸ ਗਾਇਕ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਹਰੀ ਝੰਡੀ ਦੇ ਦਿੱਤੀ ਹੈ।       ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਵਿੱਚ ਪੰਜਾਬ ਦੇ ਕਈ ਕਲਾਕਾਰ ਖਿਡਾਰੀ ਸ਼ਾਮਲ ਹੋ ਚੁੱਕੇ ਹਨ। ਇਸ ਤੋਂ ਇਲਾਵਾ ਅੱਜ ਸ਼ਾਮ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ। ਮੀਟਿੰਗ ਵਿੱਚ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਜਥੇਬੰਦਕ ਢਾਂਚੇ ਦੇ ਇੰਚਾਰਜ ਦੁਰਗੇਸ਼ ਪਾਠਕ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਹੋਰ ਆਗੂ ਸ਼ਾਮਲ ਹੋਣਗੇ।         ਸੂਤਰਾਂ ਅਨੁਸਾਰ ਪਾਰਟੀ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਤੋਂ ਨਾਰਾਜ਼ ਚੱਲੇ ਸੁੱਚਾ ਸਿੰਘ ਛੋਟੇਪੁਰ ਦੇ ਗਿਲੇ ਸ਼ਿਕਵੇ ਵੀ ਇਸ ਮੀਟਿੰਗ ਵਿੱਚ ਦੂਰ ਕੀਤੇ ਜਾਣ ਦੀ ਉਮੀਦ ਹੈ।             ਯਾਦ ਰਹੇ ਕਿ ਛੋਟੇਪੁਰ ਨੇ ਪਹਿਲਾਂ ਹੀ ਆਖਿਆ ਹੈ ਕਿ ਉਹ ਦਿੱਲੀ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕੋਲ ਪੂਰਾ ਮਾਮਲਾ ਲੈ ਕੇ ਜਾਣਗੇ। ਸੂਤਰਾਂ ਅਨੁਸਾਰ ਅੱਜ ਸੁੱਚਾ ਸਿੰਘ ਛੋਟੇਪੁਰ ਨੇ ਇਸ ਬਾਬਤ ਦਿੱਲੀ ਜਾਣਾ ਵੀ ਸੀ ਪਰ ਚੰਡੀਗੜ੍ਹ ਵਿੱਚ ਮੀਟਿੰਗ ਹੋਣ ਕਾਰਨ ਫ਼ਿਲਹਾਲ ਉਨ੍ਹਾਂ ਨੇ ਪ੍ਰੋਗਰਾਮ ਕੁੱਝ ਸਮੇਂ ਲਈ ਟਾਲ ਦਿੱਤਾ ਹੈ।