ਮੁਹਾਲੀ: ਦੋ ਪੰਜਾਬੀ ਗਾਇਕ ਆਪਸ ਵਿੱਚ ਭਿੜ ਗਏ ਜਿਸ ਮਗਰੋਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੰਜਾਬੀ ਗੀਤ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਨੇ ਇੱਕ-ਦੂਜੇ ਨੂੰ ਧਮਕੀਆਂ ਦਿੱਤੀਆਂ। ਗੱਲ ਇੱਥੇ ਹੀ ਨਹੀਂ ਰੁਕੀ ਸਗੋਂ ਮੁਹਾਲੀ ਵਿੱਚ ਜਨਤਕ ਤੌਰ ’ਤੇ ਲੜਨ ਦੀ ਥਾਂ ਤੈਅ ਕਰਨ ਲਈ ਵੀ ਵੰਗਾਰਿਆ ਗਿਆ।


ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੋਹਾਣਾ ਪੁਲਿਸ ਨੇ ਦੋਵੇਂ ਗਾਇਕਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਗਾਇਕਾਂ ਨੇ ਸੋਸ਼ਲ ਮੀਡੀਆ ’ਤੇ ਇੱਕ-ਦੂਜੇ ਨੂੰ ਧਮਕੀ ਦਿੱਤੀ ਹੈ। ਪੁਲਿਸ ਨੇ ਰੰਮੀ ਰੰਧਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸੋਸ਼ਲ ਮੀਡੀਆ ’ਤੇ ਅਪਲੋਡ ਧਮਕੀਆਂ ਭਰੀ ਜਾਣਕਾਰੀ ਨੂੰ ਆਧਾਰ ਬਣਾ ਕੇ ਗਾਇਕ ਰਮਨਦੀਪ ਉਰਫ਼ ਰੰਮੀ ਰੰਧਾਵਾ ਵਾਸੀ ਅੰਮ੍ਰਿਤਸਰ ਤੇ ਐਲੀ ਮਾਂਗਟ ਖ਼ਿਲਾਫ਼ ਧਾਰਾ 294, 504, 506 ਤੇ ਆਈਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਗਾਇਕ ਰੰਮੀ ਰੰਧਾਵਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐਲੀ ਮਾਂਗਟ ਇਸ ਸਮੇਂ ਵਿਦੇਸ਼ ਵਿੱਚ ਹੈ। ਉਸ ਦੇ ਵਤਨ ਪਰਤਦੇ ਹੀ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਰੰਮੀ ਰੰਧਾਵਾ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਗਾਇਕਾਂ ਨੇ ਸੋਸ਼ਲ ਮੀਡੀਆ ’ਤੇ ਇੱਕ-ਦੂਜੇ ਨੂੰ ਧਮਕੀਆਂ ਦਿੰਦੇ ਹੋਏ ਸੈਕਟਰ-78 ਸਥਿਤ ਅਪਾਰਟਮੈਂਟ ਵਿੱਚ ਸ਼ਰ੍ਹੇਆਮ ਲੜਨ ਲਈ ਅੱਜ 11 ਸਤੰਬਰ ਦਾ ਦਿਨ ਤੈਅ ਕੀਤਾ ਗਿਆ ਸੀ।

ਇਹ ਮਾਮਲਾ ਇੱਕ ਗੀਤ ਨੂੰ ਲੈ ਕੇ ਗਰਮਾਇਆ ਸੀ, ਜਿਸ ਵਿੱਚ ਇੱਕ ਗਾਇਕ ਨੇ ਦੂਜੇ ਗਾਇਕ ਨੂੰ ਗ਼ਲਤ ਗਾਣਾ ਗਾਉਣ ਲਈ ਵਰਜਿਆ ਸੀ। ਉਧਰ, ਕੈਨੇਡਾ ਵਿੱਚ ਬੈਠੇ ਗਾਇਕ ਐਲੀ ਮਾਂਗਟ ਨੇ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਰੰਮੀ ਰੰਧਾਵਾ ਨੂੰ ਧਮਕੀ ਦਿੱਤੀ ਕਿ ਉਹ ਭਾਰਤ ਆ ਰਿਹਾ ਹੈ ਤੇ 11 ਸਤੰਬਰ ਨੂੰ ਉਸ ਦੇ ਘਰ ਦਾਖ਼ਲ ਹੋ ਕੇ ਉਸ ਨੂੰ ਮਾਰੇਗਾ। ਇੰਜ ਹੀ ਰੰਮੀ ਰੰਧਾਵਾ ਨੇ ਵੀ ਐਲੀ ਮਾਂਗਟ ਦੀ ਧਮਕੀ ਦਾ ਜਵਾਬ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦਿੰਦੇ ਹੋਏ ਉਸ ਨੂੰ ਗਾਲਾਂ ਕੱਢੀਆਂ ਸਨ।