ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਸ਼ਾਸਨ ਨੇ ਲੜਕੀਆਂ ਦੇ ਹੋਸਟਲ ਦੇ ਬੰਦ ਹੋਣ ਦਾ ਸਮਾਂ ਸ਼ਾਮ 8 ਵਜੇ ਤੋਂ ਵਧਾ ਤੇ 9 ਵਜੇ ਤਕ ਕਰਨ ਦਾ ਫੈਸਲਾ ਕੀਤਾ ਹੈ। ਜੋ ਲੜਕੀਆਂ ਰਾਤ 10 ਵਜੇ ਤਕ ਹੋਸਟਲ ਆਉਣਗੀਆਂ, ਉਨ੍ਹਾਂ ਕੋਲੋਂ ਕੋਈ ਲੇਟ ਫੀਸ ਨਹੀਂ ਵਸੂਲੀ ਜਾਏਗੀ, ਪਰ ਉਨ੍ਹਾਂ ਨੂੰ ਹੋਸਟਲ ਅੰਦਰ ਦਾਖ਼ਲ ਹੁੰਦੇ ਸਮੇਂ ਲੇਟ ਆਉਣ ਦਾ ਕਾਰਨ ਦਰਜ ਕਰਨਾ ਪਏਗਾ। ਨਿਰਧਾਰਿਤ ਸਮੇਂ ਬਾਅਦ ਹੋਸਟਲ ਆਉਣ ਵਾਲੀਆਂ ਲੜਕੀਆਂ ’ਤੇ ਪਹਿਲਾਂ ਵਾਲੇ ਨਿਯਮ ਲਾਗੂ ਹੋਣਗੇ। ਪਰ ਅਰਜ਼ੀ ਦੇ ਜਗ੍ਹਾ ਰਜਿਸਟਰ ਵਿੱਚ ਲੇਟ ਆਉਣ ਦਾ ਸਮਾਂ, ਕਾਰਨ ਤੇ ਹੋਰ ਗੱਲਾਂ ਦਰਜ ਕਰਨੀਆਂ ਪੈਣਗੀਆਂ। ਇਸਤੋਂ ਇਲਾਵਾ ਵਿਦਿਆਰਥਣਾਂ ਦੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਜਾਣ ਲਈ ਸ਼ਾਮ 9 ਵਜੇ ਤੇ ਵਾਪਸ ਆਉਣ ਲਈ ਰਾਤ 11 ਵਜੇ ਬੱਸ ਦੀ ਸਹੂਲਤ ਮੁਹੱਈਆ ਕਰਾਈ ਜਾਏਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਤੋਂ ਵਿਦਿਆਰਥੀ ਜਥੇਬੰਦੀ ਡੀਐਸਓ ਦੀ ਅਗਵਾਈ ਹੇਠ ਹੋਸਟਲ ਦੀਆਂ ਵਿਦਿਆਰਥਣਾਂ 24 ਘੰਟੇ ਹੋਸਟਲ ਖੋਲ੍ਹਣ ਦੀ ਮੰਗ ਸਬੰਧੀ ਧਰਨੇ ’ਤੇ ਬੈਠੀਆਂ ਹੋਈਆਂ ਸਨ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੰਗਾਂ ਮੰਨੇ ਜਾਣ ਉਪਰੰਤ ਵਿਦਿਆਰਥਣਾਂ ਨੇ ਧਰਨਾ ਖ਼ਤਮ ਕਰ ਦਿੱਤਾ ਹੈ।