ਸਊਦੀ ਵਿੱਚ ਫਸੀਆਂ ਪੰਜਾਬਣ ਔਰਤਾਂ ਦੇ ਵੀਡੀਓ ਸਾਹਮਣੇ ਆਉਣ ਦਾ ਸਿਲਸਿਲਾ ਰੁਕ ਹੀ ਨਹੀਂ ਰਿਹਾ। ਹੁਣ ਜਲੰਧਰ ਦੇ ਗੋਰਾਇਆ ਖੇਤਰ ਦੇ ਪਿੰਡ ਰੁੜਕਾ ਖੁਰਦ ਦੀ ਜੀਵਨ ਜਯੋਤੀ ਦੀ ਵੀਡੀਓ ਸਾਹਮਣੇ ਆਈ ਹੈ। ਤਿੰਨ ਬੱਚਿਆਂ ਦੀ ਮਾਂ ਜਯੋਤੀ ਦਾ ਪਤੀ ਸੁਦਰਸ਼ਨ ਪਲੰਬਰ ਹੈ। ਪਤੀ ਕਈ ਵਾਰ ਬਾਹਰੋਂ ਮੁੜ ਆਇਆ ਹੈ। ਘਰ ਦਾ ਖ਼ਰਚ ਸਹੀ ਨਹੀਂ ਚਲ ਰਿਹਾ ਸੀ।

ਉਨ੍ਹਾਂ ਦੋ ਸਾਲ ਬਾਅਦ ਆਪਣੇ ਵੱਡੇ ਪੁੱਤਰ ਨੂੰ ਵਿਦੇਸ਼ ਭੇਜਣਾ ਸੀ। ਇਸ ਲਈ ਜਯੋਤੀ ਨੇ ਸੋਚਿਆ ਕਿ ਉਹ ਖ਼ੁਦ ਵਿਦੇਸ਼ ਜਾ ਕੇ ਕੁਝ ਪੈਸੇ ਕਮਾ ਲਵੇਗੀ ਪਰ ਹੁਣ ਉਹ ਵੀ ਫਸ ਗਈ ਹੈ।

ਜਯੋਤੀ ਅਤੇ ਸੁਦਰਸ਼ਨ ਦੇ ਤਿੰਨ ਮੁੰਡੇ ਹਨ। ਇਕ ਸਕੂਲ ਵਿੱਚ ਪੜ੍ਹਦਾ ਹੈ ਅਤੇ ਦੋ ਬੇਰੁਜ਼ਗਾਰ ਹਨ। ਸੁਦਰਸ਼ਨ ਵੀ ਕਈ ਮੁਲਕਾਂ ਦੇ ਚੱਕਰ ਲਾ ਚੁੱਕਿਆ ਹੈ ਪਰ ਜ਼ਿੰਦਗੀ ਸਾਥ ਨਹੀਂ ਦੇ ਰਹੀ। ਵੱਡੇ ਮੁੰਡੇ ਨੂੰ ਬਾਹਰ ਭੇਜਣਾ ਸੀ ਪਰ ਉਸ ਦੀ ਉਮਰ ਘੱਟ ਹੈ। ਇਸ ਲਈ ਜਯੋਤੀ ਨੇ ਸੋਚਿਆ ਉਹ ਹੀ ਇਕ ਚੱਕਰ ਲਾ ਆਵੇ।

ਸੁਦਰਸ਼ਨ ਨੂੰ ਪਤਾ ਵੀ ਨਹੀਂ ਕਿ ਉਸ ਦੀ ਪਤਨੀ ਸਊਦੀ ਵਿੱਚ ਕਿੱਥੇ ਫਸੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਟ੍ਰੈਵਲ ਏਜੰਟ ਨੇ ਉਸ ਨੂੰ ਅੰਬੈਸੀ ਭੇਜਣ ਲਈ ਗੱਡੀ ਭੇਜੀ ਪਰ ਉਸ ਦਾ ਫੋਨ ਬੰਦ ਹੈ। ਪਿਛਲੇ 15 ਦਿਨਾਂ ਵਿੱਚ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।

ਜੀਵਨ ਜਯੋਤੀ ਦੇ ਵੱਡੇ ਮੁੰਡੇ ਦੀ ਉਮਰ 18 ਸਾਲ ਹੈ। ਪਿਓ ਨਾਲ ਕੰਮ ਕਰ ਕੇ ਪਲੰਬਰ ਦਾ ਕੰਮ ਸਿਖ ਗਿਆ ਹੈ ਪਰ ਇਲਾਕੇ ਵਿੱਚ ਇੰਨਾ ਕੰਮ ਨਹੀਂ ਹੈ। ਉਹ ਵੀ ਛੋਟੇ ਭਰਾ ਨਾਲ ਬੇਰੁਜ਼ਗਾਰ ਹੋ ਕੇ ਘਰ ਵਿੱਚ ਬੈਠਾ ਹੈ।

ਜਯੋਤੀ ਦੇ ਪਤੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਇਹੀ ਮੰਗ ਹੈ ਕਿ ਕਿਸੇ ਤਰਾਂ ਮੇਰੀ ਪਤਨੀ ਨੂੰ ਸਾਡੇ ਘਰ ਮੰਗਵਾ ਦਵੇ। ਏਜੰਟ ਸਾਨੂੰ ਕੁਝ ਵੀ ਸਾਫ-ਸਾਫ ਨਹੀਂ ਦੱਸ ਰਹੇ।