ਸੰਗਰੂਰ: ਪਿੰਡ ਸ਼ੇਰੋਂ ਦੇ ਦਲਿਤ ਨੌਜਵਾਨ ਨੂੰ ਬਿਹਾਰ ਦੇ ਗਯਾ ਜ਼ਿਲ੍ਹੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਕੇ ਲਾਸ਼ ਦਰੱਖ਼ਤ ਨਾਲ ਲਟਕਾ ਦਿੱਤੀ ਗਈ। ਬਿਹਾਰ ਦੇ ਥਾਣਾ ਮੁਫ਼ਲਿਸ ਵਿੱਚ ਹੱਤਿਆ ਦੇ ਦੋਸ਼ਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮਨਪ੍ਰੀਤ ਸਿੰਘ (27) ਕੰਬਾਈਨ ਦਾ ਡਰਾਈਵਰ ਸੀ ਤੇ 20 ਅਪਰੈਲ ਨੂੰ ਵਾਢੀ ਦਾ ਸੀਜ਼ਨ ਲਾਉਣ ਲਈ ਪਟਿਆਲਾ ਤੋਂ ਰੇਲ ਗੱਡੀ ਰਾਹੀਂ ਬੰਗਾਲ ਲਈ ਰਵਾਨਾ ਹੋਇਆ ਸੀ।


ਮਨਪ੍ਰੀਤ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ 22 ਅਪਰੈਲ ਨੂੰ ਉਸ ਦੇ ਪੁੱਤਰ ਮਨਪ੍ਰੀਤ ਦਾ ਬਿਹਾਰ ਦੇ ਗਯਾ ਸਟੇਸ਼ਨ ਤੋਂ ਫੋਨ ਆਇਆ ਸੀ ਕਿ ਕੁਝ ਵਿਅਕਤੀਆਂ ਵੱਲੋਂ ਉਸ ਦਾ ਪਿੱਛਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਗਯਾ ਜ਼ਿਲ੍ਹੇ ਦੇ ਮੁਫ਼ਲਿਸ ਥਾਣੇ ਤੋਂ ਫੋਨ ਰਾਹੀਂ ਮਨਪ੍ਰੀਤ ਦੀ ਹੱਤਿਆ ਦੀ ਸੂਚਨਾ ਮਿਲੀ ਤੇ ਉਹ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਬਿਹਾਰ ਲਈ ਰਵਾਨਾ ਹੋ ਗਏ।

ਉੱਥੇ ਜਾ ਕੇ ਪਤਾ ਲੱਗਾ ਕਿ ਮਨਪ੍ਰੀਤ ਬੰਗਾਲ ਨਹੀਂ ਪੁੱਜਾ ਸੀ, ਸਗੋਂ ਉਸ ਨੂੰ ਰਸਤੇ ਵਿੱਚ ਹੀ ਬਿਹਾਰ ਰਾਜ ਦੇ ਗਯਾ ਜ਼ਿਲ੍ਹੇ ਦੇ ਥਾਣਾ ਮੁਫ਼ਲਿਸ ਦੇ ਪਿੰਡ ਨਾਨਕ ਚੱਕ ਦੇ ਖੇਤਾਂ ਵਿੱਚ ਮਾਰ ਕੇ ਲਾਸ਼ ਦਰੱਖ਼ਤ ਨਾਲ ਲਟਕਾਈ ਹੋਈ ਸੀ। ਸ਼ਨੀਵਾਰ ਨੂੰ ਮਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਪਿੰਡ ਸ਼ੇਰੋਂ ਵਿਚ ਲਿਆਂਦਾ ਗਿਆ, ਜਿੱਥੇ ਉਸ ਦਾ ਸਸਕਾਰ ਕੀਤਾ ਗਿਆ।