ਚੰਡੀਗੜ੍ਹ: ਲੌਕਡਾਊਨ/ਕਰਫਿਊ ਦੀ ਮਿਆਦ ਦੌਰਾਨ ਨਸ਼ਾ ਛੱਡਣ ਲਈ ਇਲਾਜ ਵਾਸਤੇ ਅੱਗੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ। ਦੱਸ ਦਈਏ ਕਿ ਨਸ਼ਾ ਛੁਡਾਊ ਪ੍ਰੋਗਰਾਮ ਦੇ ਸੈਂਟਰਲ ਆਨਲਾਈਨ ਪੋਰਟਲ ਸਿਸਟਮ 'ਤੇ 5.44 ਲੱਖ ਤੋਂ ਵੱਧ ਮਰੀਜ਼ ਰਜਿਸਟਰਡ ਹੋਏ ਹਨ। 23 ਮਾਰਚ ਤੋਂ ਸੂਬੇ ਭਰ ‘ਚ ਤਕਰੀਬਨ 1.29 ਲੱਖ ਨਵੇਂ ਮਰੀਜ਼ ਇਲਾਜ ਲਈ ਅੱਗੇ ਆਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਚੁਣੌਤੀ ਭਰੇ ਸਮੇਂ ਦੌਰਾਨ ਨਸ਼ਾ ਪੀੜਤਾਂ ਲਈ ਵੱਡੀ ਰਾਹਤ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਓਟ ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਮਰੀਜ਼ਾਂ ਨੂੰ ਨਸ਼ਾ ਛੱਡਣ ਸਬੰਧੀ ਇਲਾਜ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਲੌਕਡਾਊਨ ਅਤੇ ਕਰਫਿਊ ਦੇ ਸਮੇਂ ਦੌਰਾਨ ਸਰਕਾਰ ਨੇ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ, ਜਿਸ ਤਹਿਤ ਇਲਾਜ ਅਤੇ ਦੇਖਭਾਲ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ ਮਰੀਜ਼ਾਂ ਨੂੰ ਇੱਕ ਤੋਂ ਤਿੰਨ ਹਫ਼ਤੇ ਤਕ ਦੀ ਦਵਾਈ ਦਿੱਤੀ ਗਈ ਸੀ ਤਾਂ ਜੋ ਲੌਕਡਾਊਨ ਕਾਰਨ ਮਰੀਜ਼ ਨੂੰ ਇਲਾਜ ਸਬੰਧੀ ਕੋਈ ਮੁਸ਼ਕਲ ਨਾ ਆਵੇ।

ਪਰ ਲੌਕਡਾਊਨ ਵਿਚ ਦਿੱਤੀ ਗਈ ਢਿੱਲ ਤੋਂ ਬਾਅਦ ਮਰੀਜ਼ਾਂ ਨੂੰ ਕੌਂਸਲਿੰਗ ਸਣੇ ਵੱਧ ਤੋਂ ਵੱਧ 7 ਦਿਨਾਂ ਦੀ ਦਵਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ‘ਚ ਆਤਮ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਨਸ਼ਿਆਂ ਦੀ ਆਦਤ ਛੁੱਟ ਜਾਵੇ। ਇਹ ਕਦਮ ਇਸ ਲਈ ਉਠਾਏ ਗਏ ਹਨ ਤਾਂ ਜੋ ਮਰੀਜ਼ਾਂ ਨੂੰ ਵਾਰ-ਵਾਰ ਕੇਂਦਰਾਂ 'ਚ ਨਾ ਜਾਣਾ ਪਵੇ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904