ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਕੇਸ ਨੇ ਪੰਜਾਬ ਦੀ ਸਿਆਸਤ ਭਖਾ ਦਿੱਤੀ ਹੈ। ਸੈਣੀ ਨੇ ਇਲਜ਼ਾਮ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ 'ਤੇ ਕੇਸ ਦਰਜ ਕੀਤਾ ਗਿਆ ਹੈ। ਸੈਣੀ ਨੇ ਕੈਪਟਨ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਨੂੰ ਉਭਾਰਿਆ ਸੀ। ਉਧਰ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਵੱਲੋਂ ਸੈਣੀ ਦਾ ਕੇਸ ਲੜਨ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ 'ਤੇ ਸਵਾਲ ਉੱਠਣ ਲੱਗੇ ਹਨ।

ਦਰਅਸਲ ਸੈਣੀ ਦਾ ਕੇਸ ਲੜ ਕੇ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਕਲੇਰ ਕਸੂਤੇ ਘਿਰ ਗਏ ਹਨ। ਬੇਸ਼ੱਕ ਵਿਰੋਧ ਹੋਣ ਮਗਰੋਂ ਉਨ੍ਹਾਂ ਨੇ ਸੁਮੇਧ ਸੈਣੀ ਦੇ ਕੇਸ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਪਰ ਹੁਣ ਸਿੱਖ ਜਗਤ ਅੰਦਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਕਲੇਰ ਨੂੰ ਬਾਦਲ ਪਰਿਵਾਰ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਹਨ।

ਪੰਥਕ ਧਿਰਾਂ ਵਿੱਚ ਰੋਸ ਹੈ ਕਿ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਹੁੰਦਿਆਂ ਕਲੇਰ ਵੱਲੋਂ ਸੈਣੀ ਦਾ ਕੇਸ ਲੜਨਾ ਕਈ ਸਵਾਲ ਖੜ੍ਹੇ ਕਰਦਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ 'ਤੇ ਵੀ ਸਵਾਲ ਉੱਠਣ ਲੱਗੇ ਹਨ ਕਿਉਂਕਿ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਦੀ ਚੋਣ ਸ਼੍ਰੋਮਣੀ ਕਮੇਟੀ ਹੀ ਕਰਦੀ ਹੈ। ਇਹ ਵੀ ਸੱਚ ਹੈ ਕਿ ਸ਼੍ਰੋਮਣੀ ਕਮੇਟੀ ਦਾ ਹਰ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ 'ਤੇ ਹੁੰਦਾ ਹੈ ਕਿਉਂਕਿ ਇਸ ਵੱਕਾਰੀ ਸੰਸਥਾਂ 'ਤੇ ਇਸ ਵੇਲੇ ਅਕਾਲੀ ਦਲ ਦਾ ਹੀ ਕਬਜ਼ਾ ਹੈ।

ਦਰਅਸਲ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਲਈ ਪੈਨਲ ਸ਼੍ਰੋਮਣੀ ਕਮੇਟੀ ਤੈਅ ਕਰਦੀ ਹੈ। ਉਂਝ ਇਸ ਪੈਨਲ ’ਤੇ ਅੰਤਿਮ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਜਾਂਦਾ ਹੈ। ਕਮਿਸ਼ਨ ’ਚ ਚੇਅਰਮੈਨ ਤੋਂ ਇਲਾਵਾ ਦੋ ਮੈਂਬਰ ਨਾਮਜ਼ਦ ਹਨ। ਕਮਿਸ਼ਨ ਦੇ ਸਿਧਾਂਤ ’ਚ ਇਹ ਵੀ ਹੈ ਕਿ ਜੇ ਦੋਵੇਂ ਮੈਂਬਰ ਚੇਅਰਮੈਨ ਦੇ ਖ਼ਿਲਾਫ਼ ਤੁਰ ਪੈਣ ਤਾਂ ਚੇਅਰਮੈਨ ਸ਼ਕਤੀਆਂ ਵਿਹੂਣਾ ਹੋ ਜਾਂਦਾ ਹੈ। ਇਸ ਲਈ ਜੇਕਰ ਮੈਂਬਰਾਂ ਨੇ ਬਗਾਵਤ ਕਰ ਦਿੱਤੀ ਤਾਂ ਕਲੇਰ ਤੋਂ ਅਹੁਦਾ ਖੁੱਸ ਜਾਏਗਾ।

ਉਧਰ, ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸੈਣੀ ਨੂੰ ਡੀਜੀਪੀ ਬਣਾਇਆ ਗਿਆ। ਹੁਣ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਉਨ੍ਹਾਂ ਦੇ ਕੇਸ ਲੜ ਰਹੇ ਹਨ। ਇਸ ਸਭ ਕਈ ਸਵਾਲ ਖੜ੍ਹੇ ਕਰਦਾ ਹੈ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਾਦਲਾਂ ਨੂੰ ਉਨ੍ਹਾਂ ਦੀ ਸਰਕਾਰ ਸਮੇਂ ਸੁਮੇਧ ਸੈਣੀ ਦੀ ਡੀਜੀਪੀ ਵਜੋਂ ਨਿਯੁਕਤੀ ’ਤੇ ਸਵਾਲ ਚੱਕੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸੁਮੇਧ ਸੈਣੀ ਖ਼ਿਲਾਫ਼ ਮਟੌਰ ਥਾਣੇ ਵਿੱਚ ਕੇਸ ਦਰਜ ਕਰ ਦਿੱਤਾ ਹੈ।

ਖਹਿਰਾ ਨੇ ਕਿਹਾ ਕਿ ਸੁਮੇਧ ਸੈਣੀ ਨੂੰ ਪਹਿਲਾਂ ਚੀਫ਼ ਵਿਜੀਲੈਂਸ ਅਫ਼ਸਰ ਤੇ ਫਿਰ ਡੀਜੀਪੀ ਬਣਾਉਣ ਸਮੇਂ ਬਾਦਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਸੁਮੇਧ ਸੈਣੀ ਖ਼ਿਲਾਫ਼ ਸਾਲ 1994 ਵਿੱਚ ਬਹੁਚਰਚਿਤ ਸੈਣੀ ਮੋਟਰਜ਼ ਨਾਲ ਸਬੰਧਤ ਅਗਵਾ ਤੇ ਤੀਹਰੇ ਕਤਲ ਕਾਂਡ ਦਾ ਮਾਮਲਾ ਦਿੱਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਸਪੱਸ਼ਟ ਕਰਨ ਚਾਹੀਦਾ ਹੈ ਕਿ ਇਹ ਸਭ ਕੁਝ ਜਾਣਦਿਆਂ ਵੀ ਆਪਣੀ ਸਰਕਾਰ ਸਮੇਂ ਸੁਮੇਧ ਸੈਣੀ ਵਰਗੇ ਅਫ਼ਸਰਾਂ ਨੂੰ ਡੀਜੀਪੀ ਪੰਜਾਬ ਕਿਉਂ ਲਾਇਆ ਸੀ।