ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਫ਼ਗਾਨਿਸਤਾਨ 'ਚ ਤਾਲਿਬਾਨ ਦੇ ਹਮਲੇ ਦੌਰਾਨ ਉਥੇ ਫਸੇ ਘੱਟ ਗਿਣਤੀਆਂ ਦੇ ਲੋਕਾਂ ਨੂੰ ਵਾਪਸ ਬੁਲਾਉਣ ਲਈ ਭਾਰਤ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ।


ਇਸ ਦੌਰਾਨ ਉਨ੍ਹਾਂ ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮੱਲ੍ਹੀ ਵੱਲੋਂ ਕਸ਼ਮੀਰ ਨੂੰ ਲੈ ਕੇ ਕੀਤੀ ਟਿੱਪਣੀ ਤੇ ਵੀ ਸਵਾਲ ਕੀਤੇ ਹਨ। ਮਜੀਠੀਆ ਨੇ ਇਸ ਦੌਰਾਨ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਉਨ੍ਹਾਂ ਦੇ ਵਿਭਾਗ ਅੰਦਰ ਹੋਏ ਕਥਿਤ ਘੁਟਾਲਿਆਂ ਨੂੰ ਲੈ ਕੇ ਨਿਸ਼ਾਨੇ ਤੇ ਲਿਆ ਅਤੇ ਦਾਅਵਾ ਕੀਤਾ ਕਿ ਮੰਤਰੀ ਵੱਲੋਂ 5000 ਕਰੋੜ ਤੱਕ ਦੇ ਘੁਟਾਲੇ ਕੀਤੇ ਗਏ ਹਨ।


ਇੱਥੇ ਪੜ੍ਹੋ ਘੁਟਾਲੇ ਦੀ ਖ਼ਬਰ: ਕੈਪਟਨ ਸਰਕਾਰ 'ਚ ਵੱਡੇ ਘੁਟਾਲੇ ਦਾ ਪਰਦਾਫਾਸ਼, 20 ਕਰੋੜ ਦੇ ਘਪਲੇ ਮਗਰੋਂ ਮੁੜ ਗਰਮਾਈ ਸਿਆਸਤ


ਅਫ਼ਗਾਨਿਸਤਾਨ 'ਚ ਤਾਲਿਬਾਨ ਵੱਲੋਂ ਲਗਾਤਾਰ ਕਬਜ਼ਾ ਕੀਤੇ ਜਾਣ ਨੂੰ ਲੈ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਮਜੀਠੀਆ ਨੇ ਚਿੰਤਾ ਪ੍ਰਗਟਾਈ ਕਿ ਉਥੇ ਕਈ ਘੱਟ ਗਿਣਤੀ ਪਰਿਵਾਰ ਮੁਸ਼ਕਲ ਹਾਲਾਤਾਂ ਵਿੱਚ ਹਨ। ਉਨ੍ਹਾਂ ਨੇ ਭਾਰਤ ਤੇ ਪੰਜਾਬ ਸਰਕਾਰ ਨੂੰ ਇਨ੍ਹਾਂ ਲੋਕਾਂ ਨੂੰ ਭਾਰਤ ਲਿਆ ਕੇ ਮੁੜ ਵਸਾਉਣ ਦੀ ਅਪੀਲ ਕੀਤੀ। 



ਕੈਬਨਿਟ ਮੰਤਰੀ ਆਸ਼ੂ ਨੂੰ ਲੈ ਕੇ ਉਨ੍ਹਾਂ ਨੇ ਸਵਾਲ ਖੜ੍ਹੇ ਕੀਤੇ ਕਿ ਕਿਵੇਂ ਇੱਕ ਇੰਸਪੈਕਟਰ ਨੂੰ ਅੱਠ ਗੁਦਾਮਾਂ ਦਾ ਚਾਰਜ ਦਿੱਤਾ ਗਿਆ ਅਤੇ ਬਾਅਦ ਵਿੱਚ ਪੁਲਿਸ ਨੂੰ ਉਸ ਬਾਰੇ ਕੁੱਝ ਨਹੀਂ ਪਤਾ ਚੱਲਿਆ। ਇਸ ਤਰ੍ਹਾਂ ਉਨ੍ਹਾਂ ਨੇ ਦੂਜੇ ਸੂਬਿਆਂ ਦੀ ਫ਼ਸਲ ਨੂੰ ਪੰਜਾਬ ਵਿੱਚ ਮਹਿੰਗੇ ਭਾਅ ਐਮਐਸਪੀ ਤੇ ਵੇਚੇ ਜਾਣ ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਦਾਅਵਾ ਕੀਤਾ ਕਿ ਆਸ਼ੂ ਵੱਲੋਂ 5000 ਕਰੋੜ ਰੁਪਏ ਤਕ ਦੇ ਘੁਟਾਲੇ ਕੀਤੇ ਗਏ ਹਨ।