Chandigarh : ਵਾਰਿਸ ਪੰਜਾਬ ਦੇ' ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦਾ ਮੁੱਦਾ ਇੱਕ ਵਾਰ ਮੁੜ ਤੋਂ ਹਾਈ ਕੋਰਟ ਵਿੱਚ ਪਹੁੰਚਿਆ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਅੰਮ੍ਰਿਤਪਾਲ ਸਿੰਘ, ਗੁਰਮੀਤ ਬੁੱਕਣਵਾਲਾ, ਕੁਲਵੰਤ ਰਾਓਕੇ, ਭਗਵੰਤ ਉਰਫ਼ ਬਾਜੇਕੇ ਤੇ ਬਸੰਤ ਸਿੰਘ ਦੀ ਪਟੀਸ਼ਨ 'ਤੇ ਸਵਾਲ ਕੀਤੇ ਹਨ। 


ਹਾਈ ਕੋਰਟ ਨੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਐੱਫਆਈਆਰ ਮਗਰੋਂ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਤਾਂ ਇਸ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਦੱਸਣ ਵਾਲੀ ਪਟੀਸ਼ਨ ਕਿਵੇਂ ਜਾਇਜ਼ ਮੰਨੀ ਜਾ ਸਕਦੀ ਹੈ।


ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀਆਂ ਦਲੀਲਾਂ ਹਨ ਕਿ ਇਸ ਮਾਮਲੇ ਵਿਚ ਉਹ ਸ਼ਾਮਲ ਨਹੀਂ ਸੀ। ਅਜਿਹੇ ਵਿਚ ਪੁਲਿਸ ਕਾਰਵਾਈ ਤੇ ਪਟੀਸ਼ਨਰਾਂ ਦੀ ਗ੍ਰਿਫ਼ਤਾਰੀ ਗ਼ਲਤ ਹੈ। ਉਨ੍ਹਾਂ ਨੇ ਆਪਣੇ ਵਿਰੁੱਧ ਕਾਰਵਾਈ ਨੂੰ ਰੱਦ ਕਰਨ ਤੇ ਪਟੀਸ਼ਨਰਾਂ ਨੂੰ ਰਿਹਾਅ ਕਰਨ ਦੀ ਅਪੀਲ ਆਪਣੀ ਪਟੀਸ਼ਨ ਵਿਚ ਕੀਤਾ ਹੈ। 


ਹੁਣ ਹਾਈ ਕੋਰਟ ਨੇ ਇਸ ਪਟੀਸ਼ਨ ਦੇ ਸਹੀ ਹੋਣ 'ਤੇ ਸਵਾਲ ਖੜ੍ਹੇ ਕੀਤੇ ਹਨ। ਅਦਾਲਤ ਨੇ ਕਿਹਾ ਕਿ ਇਹ ਪਟੀਸ਼ਨ ਗ੍ਰਿਫ਼ਤਾਰੀ ਨੂੰ ਨਾਜਾਇਜ਼ ਦੱਸ ਰਹੀ ਹੈ ਜਦਕਿ ਐੱਫਆਈਆਰ ਦਰਜ ਹੋਈ ਹੈ, ਇਸ ਲਈ ਇਸ ਪਟੀਸ਼ਨ ਨੂੰ ਕਿਵੇਂ ਸਹੀ ਮੰਨ ਲਈਏ।


23 ਅਪ੍ਰੈਲ 2023 ਨੂੰ  ਪੰਜਾਬ ਪੁਲਿਸ ਨੇ  ਅੰਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਹਿਰਾਸਤ ਵਿੱਚ ਲਿਆ ਸੀ। ਚਰਚਾ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਖੁਦ ਹੀ ਰੋਡੇ ਪਿੰਡ ਦੇ ਇੱਕ ਗੁਰਦੁਆਰੇ ਵਿੱਚ ਆਤਮ ਸਮਰਪਣ ਕੀਤਾ। 


ਗ੍ਰਿਫਤਾਰੀ ਤੋਂ ਪਹਿਲਾਂ ਪਿੰਡ ਰੋਡੇ ਵਿੱਚ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ, "ਇਹ  ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਸਥਾਨ ਹੈ। ਉਸੇ ਥਾਂ 'ਤੇ ਅਸੀਂ ਆਪਣਾ ਕੰਮ ਵਧਾ ਰਹੇ ਹਾਂ ਤੇ ਇੱਕ ਅਹਿਮ ਮੋੜ 'ਤੇ ਖੜ੍ਹੇ ਹਾਂ।


ਇੱਕ ਮਹੀਨੇ ਤੋਂ ਜੋ ਕੁਝ ਹੋ ਰਿਹਾ ਹੈ, ਉਹ ਸਭ ਨੇ ਦੇਖਿਆ ਹੈ। ਜੇਕਰ ਇਹ ਸਿਰਫ ਗ੍ਰਿਫਤਾਰੀ ਦੀ ਗੱਲ ਹੁੰਦੀ ਤਾਂ ਗ੍ਰਿਫਤਾਰੀ ਦੇ ਕਈ ਤਰੀਕੇ ਸਨ। ਅਸੀਂ ਸਹਿਯੋਗ ਕਰਦੇ।


ਉਨ੍ਹਾਂ ਅੱਗੇ ਕਿਹਾ ਸੀ ਕਿ ਦੁਨੀਆਂ ਦੀ ਕਚਹਿਰੀ ਵਿੱਚ ਅਸੀਂ ਦੋਸ਼ੀ ਪਾਏ ਜਾ ਸਕਦੇ ਹਾਂ। ਸੱਚੇ ਗੁਰੂ ਦੇ ਦਰਬਾਰ ਵਿੱਚ ਨਹੀਂ। ਮਹੀਨੇ ਬਾਅਦ ਫੈਸਲਾ ਕੀਤਾ, ਇਸ ਧਰਤੀ 'ਤੇ ਲੜੇ ਹਾਂ ਤੇ ਲੜਾਂਗੇ। ਜਿਹੜੇ ਝੂਠੇ ਕੇਸ ਹਨ, ਉਨ੍ਹਾਂ ਦਾ ਸਾਹਮਣਾ ਕੀਤਾ ਜਾਵੇਗਾ। ਗ੍ਰਿਫਤਾਰੀ ਅੰਤ ਨਹੀਂ, ਸਗੋਂ ਸ਼ੁਰੂਆਤ ਹੈ।