Raghav-Parineeti Wedding: ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਉਹ ਉਦੈਪੁਰ ਦੇ ਲੀਲਾ ਪੈਲੇਸ 'ਚ ਸੱਤ ਫੇਰੇ ਲੈਣਗੇ। ਇਸ ਵਿਆਹ ਤੋਂ ਪਹਿਲਾਂ ਹੀ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਪੁਲਿਸ ਦਾ ਇਸਤੇਮਾਲ ਕਰਨ ਦਾ ਦੋਸ਼ ਲਾਇਆ ਹੈ।
ਹਰਸਿਮਰਤ ਨੇ ਟਵੀਟ ਕੀਤਾ- ਵਿਆਹ ਅਰਵਿੰਦ ਕੇਜਰੀਵਾਲ ਦੇ ਚਹੇਤੇ ਦਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੈਂਕੜੇ ਸੁਰੱਖਿਆ ਮੁਲਾਜ਼ਮ ਅਤੇ ਬੁਲੇਟ ਪਰੂਫ ਲੈਂਡ ਕਰੂਜ਼ਰ ਨੂੰ ਉਨ੍ਹਾਂ ਦੀ ਸੇਵਾ 'ਚ ਲਾਇਆ ਹੈ। ਵਾਹ! ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਗਵਰਨਰ ਸਹੀ ਪੁੱਛ ਰਹੇ ਹਨ ਕਿ ਪੰਜਾਬ ਦੇ ਪੈਸੇ ਕਿੱਥੇ ਹਨ। ਪਿਛਲੇ 18 ਮਹੀਨਿਆਂ ਵਿੱਚ ਲਏ ਗਏ 50,000 ਕਰੋੜ ਰੁਪਏ ਦੇ ਕਰਜ਼ੇ ਖ਼ਰਚ ਕੀਤੇ ਜਾ ਚੁੱਕੇ ਹਨ।
ਉਦੈਪੁਰ ਪਹੁੰਚੇ ਕੇਜਰੀਵਾਲ-ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸਖ਼ਤ ਸੁਰੱਖਿਆ ਹੇਠ ਸ਼ਨੀਵਾਰ ਨੂੰ ਉਦੈਪੁਰ ਪਹੁੰਚੇ। ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਅਭਿਨੇਤਰੀ ਭਾਗਿਆਸ਼੍ਰੀ ਵੀ ਸਮਾਗਮ ਵਿੱਚ ਪਹੁੰਚੇ। ਵਿਆਹ ਲਈ ਮਹਿਲ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।
ਸ਼ਨੀਵਾਰ ਸਵੇਰੇ ਚੂੜਾ ਦੀ ਰਸਮ ਹੋਈ। ਜਿਸ ਵਿੱਚ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਬਾਅਦ ਮਹਿਮਾਨਾਂ ਦੇ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ ਗਿਆ ਜਦੋਂ ਕਿ ਰਾਤ ਲਈ 90 ਦੇ ਦਹਾਕੇ ਦੀ ਥੀਮ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ ਹੈ। ਇਸ 'ਚ ਰਾਘਵ ਅਤੇ ਪਰਿਣੀਤੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਇਹ ਜੋੜਾ ਚੰਡੀਗੜ੍ਹ ਅਤੇ ਦਿੱਲੀ ਵਿੱਚ ਰਿਸੈਪਸ਼ਨ ਪਾਰਟੀਆਂ ਦੀ ਮੇਜ਼ਬਾਨੀ ਕਰੇਗਾ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇਹਨਾਂ ਦੇ ਵਿਆਹ ਦੇ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਨ।