Punjab News:  ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ  ਘਰ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਬੇਟੇ ਦੇ ਇਨਸਾਫ ਨੂੰ ਲੈ ਕੇ ਸਰਕਾਰਾਂ ਉੱਪਰ ਸਵਾਲ ਚੁੱਕੇ ਗਏ। ਉਨ੍ਹਾਂ ਕਿਹਾ ਸਮਾਂ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ।


ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਪਰ ਉਹ ਕੋਈ ਵੀ ਪੰਜਾਬ ਦੇ ਹਲਾਤਾਂ ਨੂੰ ਲੈ ਕੇ ਬੋਲਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ ਦਿਨ ਦਿਹਾੜੇ ਕਤਲ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਕਬੱਡੀ ਖਿਡਾਰੀ ਦੇ ਹੋਏ ਕਤਲ ਬਾਰੇ ਕਿਹਾ ਕਿ ਹਾਲੇ ਤੱਕ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਉਨ੍ਹਾਂ ਦਾ ਸਸਕਾਰ ਵੀ ਨਹੀਂ ਕੀਤਾ ਗਿਆ।


ਇਸ ਮੌਕੇ ਬਲੌਕਰ ਸਿੰਘ ਨੇ ਪੰਜਾਬ ਦੇ ਹਲਾਤਾਂ ਬਾਬਤ ਤੋਖਲਾ ਜ਼ਾਹਰ ਕਰਦਿਆਂ ਕਿਹਾ ਕਿ ਛੋਟੀ-ਛੋਟੀ ਗੱਲ ਉੱਤੇ ਕਤਲ ਹੋ ਰਹੇ ਹਨ। ਜੇਲ੍ਹਾਂ ਵਿੱਚੋਂ ਇੰਟਰਵੀਊ ਹੋ ਰਹੇ ਨੇ, ਜੇਲ੍ਹਾਂ ਵਿੱਚੋਂ ਹੀ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਕਤਲਾਂ ਦੀ ਜ਼ਿੰਮੇਵਾਰੀ ਲਈ ਜਾ ਰਹੀ ਹੈ ਪਰ ਸਰਕਾਰ ਕੁਝ ਨਹੀਂ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਵੱਲੋਂ ਐਸਵਾਈਐਲ ਲਈ ਗਾਣਾ ਗਾਇਆ ਗਿਆ ਪਰ ਉਸ ਨੂੰ ਡਿਲੀਟ ਕਰ ਦਿੱਤਾ ਗਿਆ ਪਰ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਵਾਲੀ ਵੀਡੀਓ ਹਾਲੇ ਵੀ ਚੱਲ ਰਹੀ ਹੈ। ਉਸ ਨੂੰ ਡਿਲੀਟ ਕਿਉਂ ਨਹੀਂ ਕੀਤਾ ਗਿਆ। 


ਇਸ ਮੌਕੇ ਕੈਨੇਡਾ ਤੇ ਭਾਰਤ ਵਿਚਾਲੇ ਛਿੜੇ ਕਲੇਸ਼ ਨੂੰ ਲੈ ਕੇ ਕਿਹਾ ਕਿ ਇਹ ਪ੍ਰਧਾਨ ਮੰਤਰੀਆਂ ਦੀ ਆਪਸੀ ਤਕਰਾਰਬਾਜ਼ੀ ਹੈ ਜੋ ਇਹ ਆਪ ਬੈਠ ਕੇ ਨਿਬੇੜ ਲੈਣਗੇ ਅਤੇ ਆਪਸੀ ਕੁੜੱਤਣ ਪੈਦਾ ਨਾ ਕੀਤੀ ਜਾਵੇ।  ਇਸ ਮੌਕੇ ਬਲਕੌਰ ਸਿੰਘ ਨੇ ਕੰਗਨਾ ਰਣੌਤ ਬਾਬਤ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਪਹਿਲਾਂ ਕਿਸਾਨੀ ਸੰਘਰਸ਼ ਬਾਰੇ ਬੋਲਦੀ ਰਹੀ ਤੇ ਹੁਣ ਨਵੀਂ ਅੱਗ ਫੈਲਾਅ ਰਹੀ ਹੈ, ਆਪਸੀ ਭਾਈਚਾਰਾ ਨਹੀਂ ਖ਼ਰਾਬ ਕਰਨਾ ਚਾਹੀਦਾ। ਬਲਕੌਰ ਸਿੰਘ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਬੇਟੇ ਨੂੰ ਨਫ਼ਰਤ ਦਾ ਸ਼ਿਕਾਰ ਹੋਣਾ ਪਿਆ ਤੇ ਹੁਣ ਸ਼ੁਭ ਨੂੰ ਵੀ ਨਫਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਜੋ ਕਿ ਗ਼ਲਤ ਹੈ।