ਸ਼੍ਰੀਨਗਰ: ਜੰਮੂ-ਕਸ਼ਮੀਰ ਤੋਂ ਧਾਰਾ 370 ਬੇਅਸਰ ਕਰਨ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਈ ਵਿਰੋਧੀ ਧਿਰਾਂ ਦੇ ਨੇਤਾਵਾਂ ਨੇ ਸੂਬੇ ਦਾ ਦੌਰਾ ਕਰਨ ਦਾ ਫੈਸਲਾ ਲਿਆ ਸੀ। ਪਰ ਕੇਂਦਰ ਸਰਕਾਰ ਨੂੰ ਇਨ੍ਹਾਂ ਦਾ ਇਹ ਫੈਸਲਾ ਨਹੀਂ ਜਚਿਆ, ਇਸ ਲਈ ਹੁਣ ਸਭਨਾਂ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਭੇਜਿਆ ਜਾਵੇਗਾ।


ਰਾਹੁਲ ਨਾਲ ਜਾਣ ਵਾਲੇ ਵਫ਼ਦ ਵਿੱਚ ਸੀਨੀਅਰ ਪਾਰਟੀ ਆਗੂ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਤੋਂ ਇਲਾਵਾ ਸੀਪੀਆਈ, ਸੀਪੀਐੱਮ, ਆਰਜੇਡੀ, ਡੀਐੱਮਕੇ ਤੇ ਹੋਰਨਾਂ ਪਾਰਟੀਆਂ ਦੇ ਆਗੂ ਸ਼ਾਮਲ ਸਨ। ਇਸ ਦੌਰਾਨ ਜੰਮੂ ਕਸ਼ਮੀਰ ਸਰਕਾਰ ਨੇ ਦੇਰ ਰਾਤ ਬਿਆਨ ਜਾਰੀ ਕਰਦਿਆਂ ਸਿਆਸੀ ਆਗੂਆਂ ਨੂੰ ਵਾਦੀ ਦੀ ਅਮਨ ਸ਼ਾਂਤੀ ਦੇ ਮੱਦੇਨਜ਼ਰ ਦੌਰਾ ਨਾ ਕਰਨ ਦੀ ਸਲਾਹ ਦਿੱਤੀ ਸੀ।


ਇਸ ਤੋਂ ਪਹਿਲਾਂ ਗੁਲਾਮ ਨਬੀ ਆਜ਼ਾਦ ਦੋ ਵਾਰ ਕਸ਼ਮੀਰ ਜਾਣ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਸੀ। ਆਜ਼ਾਦ ਇੱਥੋਂ ਦੇ ਵਸਨੀਕ ਵੀ ਹਨ, ਤਾਂ ਵੀ ਉਨ੍ਹਾਂ ਨੂੰ ਆਪਣੇ ਘਰ ਵੀ ਸੀ ਜਾਣ ਦਿੱਤਾ ਗਿਆ ਤੇ ਵਾਪਸ ਦਿੱਲੀ ਭੇਜ ਦਿੱਤਾ ਗਿਆ। ਹੁਣ ਬਾਕੀ ਸਾਰੇ ਨੇਤਾਵਾਂ ਨੂੰ ਵੀ ਹਵਾਈ ਅੱਡੇ ਤੋਂ ਹੀ ਭੇਜਿਆ ਜਾ ਸਕਦਾ ਹੈ।