ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਐਲਾਨੇ ਗਏ ਹਨ।ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਹਰੀਸ਼ ਰਾਵਤ ਨੇ ਖੁਦ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇਸ ਦੇ ਨਾਲ ਹੀ ਚੰਨੀ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਚੇਹਰਾ ਬਣ ਗਏ ਹਨ।ਲੰਮੀ ਜਦੋ-ਜਹਿਦ ਮਗਰੋਂ ਚੰਨੀ ਦਾ ਨਾਮ ਮੁੱਖ ਮੰਤਰੀ ਲਈ ਫਾਈਨਲ ਹੋਇਆ ਹੈ।


ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਚੰਨੀ ਨੂੰ ਵਧਾਈ ਦਿੱਤੀ ਹੈ।ਰਾਹੁਲ ਗਾਂਧੀ ਟਵੀਟ ਕਰਕੇ ਕੇ ਕਿਹਾ ਕਿ "ਚਰਨਜੀਤ ਸਿੰਘ ਚੰਨੀ ਜੀ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ।ਸਾਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦਾ ਵਿਸ਼ਵਾਸ ਬਹੁਤ ਮਹੱਤਵਪੂਰਨ ਹੈ।"






ਆਮ ਆਦਮੀ ਪਾਰਟੀ (ਆਪ) ਨੇ ਸੱਤਾਧਾਰੀ ਕਾਂਗਰਸ ਵੱਲੋਂ ਨਿਯੁਕਤ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਹੈ।ਐਤਵਾਰ ਨੂੰ ਪਾਰਟੀ ਹੈਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਨੇ ਸਮੁੱਚੀ ਪਾਰਟੀ ਲੀਡਰਸ਼ਿਪ ਵੱਲੋਂ ਸੂਬੇ ਦਾ ਮੁੱਖ ਮੰਤਰੀ ਬਣਨ ਉੱਤੇ ਨਿੱਘੀ ਵਧਾਈ ਦਿੱਤੀ ਹੈ।


'ਆਪ' ਨੇ ਉਮੀਦ ਕੀਤੀ ਕਿ ਚਰਨਜੀਤ ਸਿੰਘ ਚੰਨੀ ਆਪਣੀ ਚਾਰ-ਪੰਜ ਮਹੀਨਿਆਂ ਦੌਰਾਨ ਕਾਂਗਰਸ ਵੱਲੋਂ 2017 ਦੀਆਂ ਚੋਣਾਂ ਮੌਕੇ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ, ਕਿਉਂਕਿ ਲੰਘੇ ਸਾਢੇ ਚਾਰ ਸਾਲਾਂ ਵਿਚ ਸੱਤਾਧਾਰੀ ਕਾਂਗਰਸ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ।


ਚੰਨੀ ਦੇ ਮੁੱਖ ਮੰਤਰੀ ਬਣਨ ਮਗਰੋਂ, ਕੈਪਟਨ ਅਮਰਿੰਦਰ ਸਿੰਘ ਨੇ ਵੀ ਚਰਨਜੀਤ ਚੰਨੀ ਨੂੰ ਵਧਾਈ ਦਿੱਤੀ ਹੈ।ਕੈਪਟਨ ਨੇ ਟਵੀਟ ਰਾਹੀਂ ਕਿਹਾ, "ਚਰਨਜੀਤ ਸਿੰਘ ਚੰਨੀ ਨੂੰ ਮੇਰੀਆਂ ਸ਼ੁਭਕਾਮਨਾਵਾਂ। ਮੈਨੂੰ ਉਮੀਦ ਹੈ ਕਿ ਉਹ ਪੰਜਾਬ ਦੇ ਸਰਹੱਦੀ ਰਾਜ ਨੂੰ ਸੁਰੱਖਿਅਤ ਰੱਖਣ ਅਤੇ ਸਾਡੇ ਲੋਕਾਂ ਨੂੰ ਸਰਹੱਦ ਪਾਰ ਤੋਂ ਵਧ ਰਹੇ ਸੁਰੱਖਿਆ ਖਤਰੇ ਤੋਂ ਬਚਾਉਣ ਦੇ ਯੋਗ ਹੋਵੇਗਾ।"