ਫਿਰੋਜ਼ਪੁਰ: ਲੋਕਾਂ ਨੂੰ ਰੇਲ ਨਿਯਮ ਸਿਖਾਉਣ ਵਾਲੇ ਰੇਲਵੇ ਵਿਭਾਗ ਦੇ ਮੁਲਾਜ਼ਮ ਹੀ ਨਿਯਮਾਂ ਦੀ ਉਲੰਘਣ ਕਰਕੇ ਦੁਰਘਟਨਾ ਦਾ ਸ਼ਿਕਾਰ ਹੋ ਗਏ। ਮਾਮਲਾ ਬਸਤੀ ਨਿਜ਼ਾਮਦੀਨ ਹੈ, ਜਿੱਥੋਂ ਲੋਕਾਂ ਵੱਲੋਂ ਕੱਢੇ ਅਣਅਧਿਕਾਰਤ ਰਸਤੇ ਨੂੰ ਪਾਰ ਕਰਦਿਆਂ ਰੇਲਵੇ ਮੁਲਾਜ਼ਮ ਹਰਜਿੰਦਰ ਤੇ ਪਾਲੀ ਨੇ ਆਉਂਦੀ ਰੇਲ ਦੀ ਅਣਦੇਖੀ ਕਰਦਿਆਂ ਟਰੈਕ ਪਾਰ ਕਰਨ ਦੀ ਕੋਸਿ਼ਸ਼ ਵਿੱਚ ਆਪਣੀ ਜਾਨ ਗੁਵਾ ਲਈ।
ਘਟਨਾ ਸਥਾਨ `ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਉਕਤ ਨੌਜਵਾਨ ਬਿਨ੍ਹਾਂ ਦੇਖੇ ਅਣਅਧਿਕਾਰਤ ਰਸਤਾ ਪਾਰ ਕਰ ਰਹੇ ਸਨ। ਲੋਕਾਂ ਨੇ ਦੱਸਿਆ ਕਿ ਰੇਲ ਦੀ ਚਪੇਟ ਵਿੱਚ ਆਉਂਦਿਆਂ ਦੋਵੇਂ ਨੌਜਵਾਨ ਮੌਕੇ `ਤੇ ਹੀ ਦਮ ਤੋੜ ਗਏ। ਇਸ ਦੀ ਸੂਚਨਾ ਉਨ੍ਹਾਂ ਰੇਲਵੇ ਤੇ ਪੁਲਿਸ ਵਿਭਾਗ ਨੂੰ ਦਿੱਤੀ ਹੈ।
ਰੇਲਵੇ ਪੁਲਿਸ ਫੋਰਸ ਦੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਲਾਸ਼ਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਰਸਤਾ ਅਣਅਧਿਕਾਰਤ ਹੈ, ਜਿਸ ਨੂੰ ਰੇਲਵੇ ਵੱਲੋਂ ਕਈ ਵਾਰ ਬੰਦ ਵੀ ਕੀਤਾ ਗਿਆ ਹੈ, ਪਰ ਇਸ ਰਸਤਿਓਂ ਲੰਘਦਿਆਂ ਅੱਜ ਹੋਏ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ।