ਫ਼ਾਜ਼ਿਲਕਾ: ਵਿਜੀਲੈਂਸ ਨੇ ਰੇਲਵੇ ਵਿਭਾਗ ਦੇ ਸੀਨੀਅਰ ਸੈਕਸ਼ਨ ਇੰਜਨੀਅਰ ਨੂੰ 9 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇੰਜਨੀਅਰ ਨੇ ਦਰਜਾ ਚਾਰ ਕਰਮਚਾਰੀ ਨੂੰ ਜ਼ਮੀਨ ਲੀਜ਼ 'ਤੇ ਦੇਣ ਦੇ ਬਦਲੇ 15,000 ਰੁਪਏ ਦੀ ਰਿਸ਼ਵਤ ਮੰਗੀ ਸੀ, ਪਰ ਉਨ੍ਹਾਂ ਦਾ ਸੌਦਾ ਨੌਂ ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ।

ਵਿਜੀਲੈਂਸ ਵਿਭਾਗ ਦੇ ਡੀਐਸਪੀ ਗੁਰਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਖਾਈ ਫੇਮੇ ਵਿੱਚ ਗੇਟਮੈਨ ਦੇ ਤੌਰ 'ਤੇ ਡਿਊਟੀ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਨਿਵਾਸੀ ਪਿੰਡ ਚਾਂਦਮਾਰੀ ਨੇ ਉਨ੍ਹਾਂ ਨੂੰ ਆਪਣੇ ਇੰਜਨੀਅਰ ਵੱਲੋਂ ਰਿਸ਼ਵਤ ਮੰਗੇ ਜਾਣ ਦੀ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਰੇਲਵੇ ਲਾਇਨਾਂ ਦੇ ਆਸਪਾਸ ਚੌਥਾ ਦਰਜਾ ਕਰਮਚਾਰੀਆਂ ਨੂੰ ਲੀਜ਼ 'ਤੇ ਦਿੱਤੇ ਜਾਣ ਵਾਲੀ ਜ਼ਮੀਨ ਦੀ ਫਾਇਲ ਫ਼ਾਜ਼ਿਲਕਾ ਰੇਲਵੇ ਸੈਕਸ਼ਨ ਇੰਜਨੀਅਰ ਕੋਲ ਦਿੱਤੀ ਸੀ। ਇਸ ਨੂੰ ਅੱਗੇ ਭੇਜਣ ਤੇ ਉਸ ਨੂੰ ਇਹ ਜ਼ਮੀਨ ਲੀਜ਼ ਉੱਤੇ ਦਿਵਾਉਣ ਬਦਲੇ ਇੰਜਨੀਅਰ ਨੇ 15 ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਵਿਜੀਲੈਂਸ ਦੀ ਟੀਮ ਨੇ ਇੰਜਨੀਅਰ ਸੁਰੇਂਦਰ ਕੁਮਾਰ ਬਘੇਲ ਪਲੇਟੀਅਰ ਨੂੰ ਉਸ ਦੇ ਸਰਕਾਰੀ ਦਫਤਰ ਤੋਂ 9 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇੰਜਨੀਅਰ ਖ਼ਿਲਾਫ਼ ਕਰਪਸ਼ਨ ਐਕਟ ਤਹਿਤ ਫ਼ਾਜ਼ਿਲਕਾ ਵਿਜੀਲੈਂਸ ਵਿਭਾਗ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮ ਨੂੰ ਪੇਸ਼ ਅਦਾਲਤ ਕੀਤਾ ਜਾਏਗਾ।