ਚੰਡੀਗੜ੍ਹ: ਪੰਜਾਬ 'ਚ ਮੰਗਲਵਾਰ ਨੂੰ ਬੁਹਤੀ ਥਾਂ ਰੁਕ-ਰੁਕ ਕੇ ਹੋਈ ਬਾਰਸ਼ ਮਗਰੋਂ ਹੁਣ ਬੁੱਧਵਾਰ ਨੂੰ ਵੀ ਇਸੇ ਤਰ੍ਹਾਂ ਮੀਂਹ ਜਾਰੀ ਰਹੇਗਾ। ਹਵਾ ਦਾ ਲੋਅ ਪ੍ਰੈਸ਼ਰ ਏਰੀਆ ਬਰਕਰਾਰ ਹੈ। ਆਸਮਾਨ 'ਚ ਬੱਦਲਵਾਈ ਜਾਰੀ ਹੈ ਤੇ ਅੱਜ ਦਿਨ ਪਰ ਰੁਕ-ਰੁਕ ਕੇ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਦੋਆਬਾ ਮੀਂਹ ਦੇ ਲਿਹਾਜ਼ ਨਾਲ ਪੰਜਾਬ 'ਚ ਸਭ ਤੋਂ ਵੱਧ ਪ੍ਰਭਾਵਿਤ ਹੈ। 6 ਜਨਵਰੀ ਦਾ ਦਿਨ ਇੱਥੇ ਦਰਮਿਆਨੇ ਮੀਂਹ ਨਾਲ ਗੁਜ਼ਰ ਸਕਦਾ ਹੈ।


ਫਿਲਹਾਲ ਆਉਣ ਵਾਲੇ ਤਿੰਨ ਦਿਨ ਸੂਰਜ ਦੇ ਦਰਸ਼ਨ ਨਹੀਂ ਹੋਣਗੇ। ਬੱਦਲਵਾਈ ਜਾਰੀ ਰਹੇਗੀ ਤੇ ਕਈ ਥਾਂ ਸੰਘਣੀ ਧੁੰਦ ਦੀ ਵੀ ਸੰਭਾਵਨਾ ਹੈ। ਫਿਲਹਾਲ ਰਾਤ ਤੇ ਦਿਨ ਦੇ ਤਾਪਮਾਨ 'ਚ ਥੋੜਾ ਸੁਧਾਰ ਵੇਖਿਆ ਗਿਆ ਹੈ।

ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਫਿਲਹਾਲ 6 ਤੋਂ 8 ਜਨਵਰੀ ਤਕ ਬੱਦਲਵਾਈ ਜਾਰੀ ਰਹੇਗੀ। ਇਸ ਦੌਰਾਨ ਮੀਂਹ ਦੀ ਸੰਭਾਵਨਾ ਹੈ। ਜਦਕਿ ਅਗਲੇ 24 ਘੰਟਿਆਂ 'ਚ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਪਹਾੜੀ ਇਲਾਕਿਆਂ 'ਚ ਮੀਂਹ ਪਿਆ ਹੈ ਜਿਸ ਦਾ ਅਸਰ ਮੈਦਾਨੀ ਇਲਾਕੇ 'ਚ ਵੇਖਣ ਨੂੰ ਮਿਲੇਗਾ ਤੇ ਠੰਢ ਵਧੇਗੀ।

ਇਸ ਦੌਰਾਨ ਜੰਲਧਰ ਤੋਂ ਦਿੱਲੀ ਤੇ ਅੰਮ੍ਰਿਤਸਰ ਦੇ ਲਈ ਹਾਈਵੇਅ ਤੇ ਸਫਰ ਕਰਨ ਵਾਲਿਆਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ ਹਵਾਵਾਂ 'ਚ ਬਦਲਾਅ ਕਾਰਨ ਦਿਨ ਵੇਲੇ ਕਾਂਬਾ ਨਹੀਂ ਛਿੜੇਗਾ।