ਚੰਡੀਗੜ੍ਹ: ਆਖਰ 10 ਦਿਨ ਲੇਟ ਮਾਨਸੂਨ ਪੰਜਾਬ ਵਿੱਚ ਪਹੁੰਚ ਗਈ ਹੈ। ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਨਸੂਨ ਦੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਪਟਿਆਲਾ, ਫ਼ਰੀਦਕੋਟ, ਰੂਪਨਗਰ, ਮੋਗਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਰਿਪੋਰਟ ਹੈ।
ਮੌਸਮ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਪੰਜਾਬ ਵਿੱਚ ਹੁਣ ਮਾਨਸੂਨ ਸਰਗਰਮ ਹੋ ਗਈ ਹੈ। ਇਸ ਲਈ ਅਗਲੇ ਦਿਨਾਂ ਵਿੱਚ ਬਾਰਸ਼ ਜਾਰੀ ਰਹੇਗੀ। ਉਂਝ ਇਸ ਵਾਰ ਝੜੀ ਲੱਗਣ ਦੇ ਕੋਈ ਆਸਾਰ ਨਹੀਂ ਸਗੋਂ ਟੁੱਟਵਾਂ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਇਸ ਵਾਰ ਬਾਰਸ਼ ਆਮ ਨਾਲੋਂ ਘੱਟ ਹੋਏਗੀ। ਹੁਣ ਤੱਕ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਔਸਤ ਨਾਲੋਂ 47 ਫੀਸਦੀ ਘੱਟ ਮੀਂਹ ਪਿਆ ਹੈ।
ਦਰਅਸਲ ਇਸ ਵਾਰ ਮਾਨਸੌਨ ਕਰੀਬ 10 ਦਿਨ ਲੇਟ ਹੈ। ਪੰਜਾਬ ਵਿੱਚ ਆਮ ਤੌਰ ’ਤੇ ਮਾਨਸੂਨ ਦੀ ਆਮਦ ਪਹਿਲੀ ਜੁਲਾਈ ਤੋਂ ਮੰਨੀ ਜਾਂਦੀ ਹੈ। ਇਸ ਵਾਰ ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਾਰਨ ਚੰਡੀਗੜ੍ਹ ਤੇ ਆਸ-ਪਾਸ ਦੇ ਖੇਤਰਾਂ ਵਿੱਚ ਤਾਂ ਇਸ ਦੀ ਆਮਦ 4 ਜੁਲਾਈ ਨੂੰ ਹੋ ਗਈ ਪਰ ਪੰਜਾਬ ਦੇ ਵੱਡੇ ਹਿੱਸੇ ’ਚ ਮਾਨਸੂਨ ਦੀ ਆਮਦ 9 ਜੁਲਾਈ ਨੂੰ ਹੋਈ ਹੈ।
ਮੌਸਮ ਵਿਭਾਗ ਮੁਤਾਬਕ ਪਹਿਲੀ ਤੋਂ 11 ਜੁਲਾਈ ਤੱਕ ਪੰਜਾਬ ’ਚ ਆਮ ਤੌਰ ’ਤੇ 103.8 ਮਿਲੀਮੀਟਰ ਬਾਰਸ਼ ਸਧਾਰਨ ਮੌਨਸੂਨ ਮੰਨੀ ਜਾਂਦੀ ਹੈ। ਇਸ ਵਾਰ ਰਫ਼ਤਾਰ ਮੱਠੀ ਹੋਣ ਕਾਰਨ 54.4 ਮਿਲੀਮੀਟਰ ਬਾਰਸ਼ ਹੀ ਹੋ ਸਕੀ ਹੈ।
ਪੰਜਾਬ 'ਚ 10 ਦਿਨ ਲੇਟ ਪਹੁੰਚੀ ਮਾਨਸੂਨ, ਹੁਣ ਲੱਗਣਗੀਆਂ ਬਾਰਸ਼ ਦੀਆਂ ਛਹਿਬਰਾਂ
ਏਬੀਪੀ ਸਾਂਝਾ
Updated at:
12 Jul 2019 11:34 AM (IST)
ਆਖਰ 10 ਦਿਨ ਲੇਟ ਮਾਨਸੂਨ ਪੰਜਾਬ ਵਿੱਚ ਪਹੁੰਚ ਗਈ ਹੈ। ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਨਸੂਨ ਦੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਪਟਿਆਲਾ, ਫ਼ਰੀਦਕੋਟ, ਰੂਪਨਗਰ, ਮੋਗਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਰਿਪੋਰਟ ਹੈ।
- - - - - - - - - Advertisement - - - - - - - - -