ਸਾਉਣ ਦੇ ਮਹੀਨੇ ਪਈ ਬਰਸਾਤ, ਨਿਕਾਸੀ ਨਾ ਕੋਈ ਦਰਬਾਰ ਸਾਹਿਬ ਨੇੜੇ ਬੁਰਾ ਹਾਲ
ਏਬੀਪੀ ਸਾਂਝਾ | 25 Jul 2019 09:00 PM (IST)
ਸ਼ਰਧਾਲੂਆਂ ਦਾ ਕਹਿਣਾ ਹੈ ਕਿ ਕਰੋੜਾਂ ਦੀ ਲਾਗਤ ਨਾਲ ਕਾਫੀ ਖੂਬਸੂਰਤ ਇਹ ਸਥਾਨ ਬਣਾਇਆ ਗਿਆ ਹੈ ਪਰ ਅੱਜ ਕੁਝ ਸਮਾਂ ਹੋਈ ਬਰਸਾਤ ਨਾਲ ਉਨ੍ਹਾਂ ਦਾ ਇੱਥੋਂ ਲੰਘਣਾ ਮੁਸ਼ਕਿਲ ਵੀ ਹੋ ਗਿਆ ਹੈ।
ਅੰਮ੍ਰਿਤਸਰ: ਸਾਉਣ ਮਹੀਨੇ ਦੀ ਪਹਿਲੀ ਬਰਸਾਤ ਨਾਲ ਜਿੱਥੇ ਲੋਕਾਂ ਨੇ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲਣ 'ਤੇ ਸੁੱਖ ਦਾ ਸਾਹ ਲਿਆ ਹੈ ਉੱਥੇ ਸ੍ਰੀ ਹਰਮੰਦਿਰ ਸਾਹਿਬ ਨੂੰ ਜਾਂਦੇ ਰਸਤੇ ਹੈਰੀਟੇਜ ਸਟ੍ਰੀਟ 'ਤੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਕਰੋੜਾਂ ਦੀ ਲਾਗਤ ਨਾਲ ਕਾਫੀ ਖੂਬਸੂਰਤ ਇਹ ਸਥਾਨ ਬਣਾਇਆ ਗਿਆ ਹੈ ਪਰ ਅੱਜ ਕੁਝ ਸਮਾਂ ਹੋਈ ਬਰਸਾਤ ਨਾਲ ਉਨ੍ਹਾਂ ਦਾ ਇੱਥੋਂ ਲੰਘਣਾ ਮੁਸ਼ਕਿਲ ਵੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਾਵੇ। ਐਸਜੀਪੀਸੀ ਮੈਂਬਰ ਰਾਜਿੰਦਰ ਸਿੰਘ ਮਹਿਤਾ ਦਾ ਕਹਿਣਾ ਹੈ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਕਾਫੀ ਖੂਬਸੂਰਤ ਸਥਾਨ ਬਣਾਇਆ ਗਿਆ ਸੀ। ਇਸ ਜਗ੍ਹਾ ਹਜ਼ਾਰਾਂ ਲੋਕ ਸਵੇਰੇ ਸ਼ਾਮ ਇੱਥੇ ਆ ਕੇ ਇੱਥੋਂ ਦੀ ਖੂਬਸੂਰਤੀ ਦਾ ਆਨੰਦ ਮਾਣਦੇ ਹਨ ਪਰ ਮੌਜੂਦਾ ਸਰਕਾਰ ਇਸਦਾ ਰੱਖ-ਰਖਾਵ ਵੀ ਸਹੀ ਤਰ੍ਹਾਂ ਨਹੀਂ ਕਰ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਇੱਥੇ ਥੋੜ੍ਹੀ ਜਿਹੀ ਬਰਸਾਤ ਨਾਲ ਕਾਫੀ ਪਾਣੀ ਜਮ੍ਹਾਂ ਹੋ ਜਾਂਦਾ ਹੈ ਉੱਥੇ ਹੀ ਇਸ ਸਥਾਨ ਤੇ ਮੰਗਤਿਆਂ ਦੀ ਵੀ ਭਰਮਾਰ ਦੇਖਣ ਨੂੰ ਮਿਲਦੀ ਹੈ ਅਤੇ ਹੈਰਿਟੇਜ ਸਟ੍ਰੀਟ ਤੇ ਈ-ਰਿਕਸ਼ਾ ਚਾਲਕਾਂ ਨੇ ਪ੍ਰਾਈਵੇਟ ਸਟੈਂਡ ਬਣਾ ਲਏ ਹਨ।