Mohali News : ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਸਿੱਖਿਆ ਦੇ ਪੱਧਰ ਅਤੇ ਸਿਹਤ ਸੇਵਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੇ ਲਈ ਅਤੇ ਇਨ੍ਹਾਂ ਵਿਭਾਗਾਂ ਦੇ ਅੰਦਰ ਖਾਲੀ ਪਈਆਂ ਅਸਾਮੀਆਂ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਯਤਨ ਜਾਰੀ ਹਨ। ਇਹ ਗੱਲ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਸੈਕਟਰ- 69 ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। 

 

ਵਿਧਾਇਕ ਕੁਲਵੰਤ ਸਿੰਘ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਦੁੱਗਲ ਦੀ ਅਗਵਾਈ ਹੇਠ ਲਗਾਏ ਗਏ ‘ਮੁਫ਼ਤ ਡੈਂਟਲ ਮੈਡੀਕਲ ਕੈਂਪ’ ਦਾ ਉਦਘਾਟਨ ਕਰਨ ਦੇ ਲਈ ਸੈਕਟਰ 69 ਪਹੁੰਚੇ ਸਨ। ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸਪਸ਼ਟ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਭਰ ਵਿਚ ਲੋਕਾਂ ਦੀ ਸਿਹਤਯਾਬੀ ਅਤੇ ਤੰਦਰੁਸਤੀ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ।


ਇਨ੍ਹਾਂ ਆਮ ਆਦਮੀ ਕਲੀਨਿਕਾਂ ਦੇ ਵਿਚੋਂ ਰੋਜਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ। ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਦੁਹਰਾਇਆ ਕਿ ਅੱਜ ਪੰਜਾਬ ਦਾ ਹਰ ਵਰਕਰ ਸੂਬੇ ਦੇ ਲੋਕਾਂ ਦੀ ਤੰਦਰੁਸਤੀ ਦੇ ਲਈ ਸਮਰਪਿਤ ਭਾਵਨਾ ਨਾਲ ਕੰਮ ਕਰ ਰਿਹਾ ਹੈ। ਲੋਕਾਂ ਦੇ ਵਿੱਚ ਰਹਿ ਕੇ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਹੀ ਤੌਰ ‘ਤੇ ਜਾਣਿਆ ਜਾ ਸਕਦਾ ਹੈ। ਵਿਧਾਇਕ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਦੇ ਹੇਠ ਆਏ ਮਕਾਨਾਂ ਦੀ ਦੁਬਾਰਾ ਉਸਾਰੀ ਅਤੇ ਅੱਜ ਮੁਰੰਮਤ ਦੇ ਲਈ ਪੈਸਾ ਪੰਜਾਬ ਸਰਕਾਰ ਦੀ ਤਰਫ਼ੋਂ ਸਬੰਧਤ ਪਰਿਵਾਰਾਂ ਦੇ ਖਾਤਿਆਂ ਵਿੱਚ ਪੁੱਜ ਚੁੱਕਾ ਹੈ |


ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਲਕੇ ਭਰ ਵਿੱਚ ਪੀੜਤ ਪਰਿਵਾਰਾਂ ਦੀ ਰਿਪੋਰਟ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਅਤੇ ਖੁਦ ਉਹਨਾਂ ਵੱਲੋ ਬਕਾਇਦਾ ਪਿੰਡਾਂ ਦੇ ਵਿੱਚ ਚੱਕਰ ਲਗਾ ਕੇ ਤਿਆਰ ਕੀਤੀ ਗਈ ਸੀ ਅਤੇ ਬਾਕੀ ਰਹਿੰਦੇ ਪਰਿਵਾਰਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਪੈਸਾ ਉਹਨਾਂ ਦੇ ਖਾਤੇ ਵਿੱਚ ਪੁੱਜ ਜਾਵੇਗਾ। 

 

ਜ਼ਿਕਰਯੋਗ ਹੈ ਕਿ ਸੈਕਟਰ- 69 ਵਿਖੇ ਅਮਰਜੀਤ ਦੁੱਗਲ- ਪ੍ਰਧਾਨ ਕੈਮਿਸਟ ਐਸੋਸੀਏਸ਼ਨ ਦੀ ਅਗਵਾਈ ਹੇਠ ਲਗਾਏ ਗਏ ਇਹ ਮੈਡੀਕਲ ਕੈਂਪ ‘ਮੁਫ਼ਤ ਕੈਂਸਲਟੇਸ਼ਨ ਵੀਕ’ ਦੇ ਤਹਿਤ 31 ਜੁਲਾਈ ਤੋਂ 7 ਅਗਸਤ 2023 ਤਕ ਮੋਹਾਲੀ ਦੇ ਵਸਿੰਦਿਆਂ ਨੂੰ ਲੋੜੀਂਦੀਆਂ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਸਕਣ ਦੇ ਉਦੇਸ਼ ਦੀ ਪੂਰਤੀ ਦੇ ਲਈ ਹੀ ਲਗਾਇਆ ਗਿਆ ਸੀ। ਇਹ ਮੁਫ਼ਤ ਸੇਵਾ ‘ਡੈਂਟਲ ਵਰਲਡ ਕਲੀਨਿਕ’ ਦੀ ਤਰਫ਼ੋਂ ਤਿੰਨ ਮਹੀਨਿਆਂ ਤੱਕ ਹਰ ਐਤਵਾਰ ਨੂੰ ਜਾਰੀ ਰੱਖੀ ਜਾਵੇਗੀ।