Punjab News: ਪੰਜਾਬ ਵਿੱਚ ਅੱਜ ਦਾ ਦਿਨ ਸੜਕ ਹਾਦਸਿਆਂ ਦਾ ਦਿਨ ਰਿਹਾ। ਅੱਜ ਦੇ ਦਿਨ ਪੰਜਾਬ ਵਿੱਚ ਹੋਏ ਸੜਕ ਹਾਦਸਿਆਂ ਵਿੱਚ 3 ਦੀ ਮੌਤ ਹੋ ਗਈ ਤੇ ਜਦੋਂ ਕਿ 4 ਜ਼ਖ਼ਮੀ ਹੋ ਗਏ।
ਮੋਗਾ ਦੇ ਲੋਹਾਰਾ ਚੌਕ ਨੇੜੇ ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਇੱਕ ਟਰੈਕਟਰ-ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਕਾਰਨ ਕੈਂਟਰ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਡਿਵਾਈਡਰ ਤੋੜ ਕੇ ਦੂਜੇ ਪਾਸੇ ਤੋਂ ਆ ਰਹੇ ਇੱਕ ਬਾਈਕ ਨਾਲ ਟਕਰਾ ਗਿਆ। ਹਾਦਸੇ 'ਚ ਪਤੀ-ਪਤਨੀ ਅਤੇ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਬਾਕੀ ਤਿੰਨ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਟਰੈਕਟਰ ਟਰਾਲੀ 'ਚ ਸਵਾਰ ਵਿਅਕਤੀ ਜ਼ਖਮੀ ਹੋ ਗਿਆ। ਕੈਂਟਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਲੁਧਿਆਣਾ ਵਿੱਚ ਵੀ ਹੋਇਆ ਹਾਦਸਾ
ਦੂਜੇ ਪਾਸੇ ਲੁਧਿਆਣਾ ਦੇ ਪਿੰਡ ਮੇਹਰਬਾਨ ਦੇ ਸੁਜਾਤਵਾਲਾ ਵਿੱਚ ਪੈਦਲ ਜਾ ਰਹੇ ਵਿਅਕਤੀ ਨੂੰ ਤੇਜ਼ ਰਫ਼ਤਾਰ ਬਾਈਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੁਰੇਸ਼ ਕੁਮਾਰ ਕਾਫੀ ਦੂਰ ਜਾ ਡਿੱਗਿਆ। ਬਾਈਕ ਸਵਾਰ ਵੀ ਆਪਣਾ ਸੰਤੁਲਨ ਗੁਆ ਕੇ ਹੇਠਾਂ ਡਿੱਗ ਗਿਆ। ਹਾਦਸਾ ਹੁੰਦਾ ਦੇਖ ਉਹ ਤੁਰੰਤ ਬਾਈਕ ਲੈ ਕੇ ਭੱਜ ਗਿਆ। ਇਸ ਤੋਂ ਬਾਅਦ ਜ਼ਖ਼ਮੀ ਨੂੰ ਹਸਪਤਾਲ ਲਿਆਂਦਾ ਗਿਆ ਤੇ ਇਸ ਦੌਰਾਨ ਉਸ ਦੀ ਮੌਤ ਹੋ ਗਈ।
ਜਲੰਧਰ ਵਿੱਚ ਵੀ ਹੋਇਆ ਹਾਦਸਾ
ਜਲੰਧਰ 'ਚ ਅੰਮ੍ਰਿਤਸਰ ਹਾਈਵੇਅ 'ਤੇ ਇਕ ਇਨੋਵਾ ਕਾਰ ਨੇ ਟਰੈਕਟਰ-ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟਰੈਕਟਰ 'ਤੇ ਬੈਠੇ ਸਹਾਇਕ ਦੀ ਸੜਕ 'ਤੇ ਡਿੱਗਣ ਨਾਲ ਮੌਤ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਇਨੋਵਾ ਦਾ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਚਾਲਕ ਛਾਲ ਮਾਰ ਕੇ ਦੂਜੇ ਪਾਸੇ ਜਾ ਡਿੱਗਿਆ ਅਤੇ ਵਾਲ ਵਾਲ ਬਚ ਗਿਆ। ਪੁਲਿਸ ਨੇ ਇਨੋਵਾ ਗੱਡੀ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨੋਵਾ ਗੱਡੀ ਚਲਾ ਰਹੇ ਨੌਜਵਾਨ ਦੀ ਪਛਾਣ ਕਮਲਜੀਤ ਵਾਸੀ ਜਲੰਧਰ ਵਜੋਂ ਹੋਈ ਹੈ।