Punjab News: ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਪੈਂਦੀ ਦੇਸ਼ ਭਗਤ ਯੂਨੀਵਰਸਿਟੀ ਵਿੱਚ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਯੂਨੀਵਰਸਟੀ ਵਿੱਚ ਪੜ੍ਹਾਈ ਕਰ ਰਹੇ ਇੱਕ ਵਿਦਿਆਰਥੀ ਵੱਲੋਂ ਖੁਦਕਸ਼ੀ ਕਰ ਲਈ ਗਈ, ਇਸ ਵਿਦਿਆਰਥੀ ਦੀ ਪਹਿਚਾਣ ਜੀਸਨ ਅਹਿਮਦ ਵਜੋਂ ਹੋਈ ਹੈ ਜੋਕਿ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸੀ।


ਜਾਣਕਾਰੀ ਮੁਤਾਬਕ, ਇਹ ਵਿਦਿਆਰਥੀ ਫੀਸ ਅਤੇ ਉਸ 'ਤੇ ਲੱਗੇ ਜੁਰਮਾਨੇ ਨੂੰ ਲੈਕੇ ਪਰੇਸ਼ਾਨ ਚੱਲ ਰਿਹਾ ਸੀ ਅਤੇ ਬੀਤੀ ਸ਼ਾਮ ਉਸ ਨੇ ਇਹ ਖ਼ੌਫਨਾਕ ਕਦਮ ਚੁੱਕ ਲਿਆ,ਇਸ ਘਟਨਾਂ ਤੋਂ ਬਾਅਦ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਯੂਨੀਵਸਿਟੀ ਅਤੇ ਪ੍ਰਬੰਧਕਾਂ ਖ਼ਿਲਾਫ਼ ਨਾਰੇਬਾਜ਼ੀ ਕੀਤੀ ਗਈ,ਇਸ ਮੌਕੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਇਸ ਮਾਮਲੇ ਦੀ ਜਾਂਚ ਕਰਨ ਉਪਰੰਤ ਕਾਰਵਾਈ ਦੀ ਗੱਲ ਆਖੀ।


ਜ਼ਿਕਰ ਕਰ ਦਈਏ ਕਿ ਜੀਸਨ ਅਹਿਮਦ ਇੱਥੇ ਆਯੁਰਵੈਦਿਕ ਦੀ ਪੜ੍ਹਾਈ ਕਰ ਰਿਹਾ ਸੀ ਜੋ ਬੀਏਐਮਐਸ ਦੀ ਚੌਥੇ ਸਮੈਸਟਰ ਵਿੱਚ ਸੀ,ਜਾਣਕਾਰੀ ਅਨੁਸਾਰ ਜੀਸਨ ਅਹਿਮਦ ਕੁੱਝ ਦਿਨਾਂ ਤੋਂ ਕਾਫੀ ਪਰੇਸ਼ਾਨ ਚੱਲ ਰਿਹਾ ਸੀ ਜਿਸਦਾ ਮੁੱਖ ਕਾਰਨ ਯੂਨੀਵਰਸਿਟੀ ਦੀ ਫੀਸ ਸੀ,ਇਸ ਸਬੰਧੀ ਮ੍ਰਿਤਕ ਜੀਸਨ ਅਹਿਮਦ ਦੇ ਪਿਤਾ ਨੇ ਦੱਸਿਆ ਕਿ ਮੇਰੇ ਪੁੱਤ ਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਸਦਾ ਕਤਲ ਹੋਇਆ ਹੈ ਜਿਸ ਦਾ ਜਿੰਮੇਵਾਰ ਯੂਨੀਵਰਸਿਟੀ ਪ੍ਰਬੰਧਨ ਹੈ।


ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ  ਮੇਰੇ ਬੇਟੇ ਦੀ ਕੁਝ ਫੀਸ ਲੈਟ ਹੋ ਗਈ ਸੀ ਜਿਸ ਕਰਕੇ ਸਾਡੇ 'ਤੇ ਬਹੁਤ ਪੈਸੇ ਜੁਰਮਾਨਾ ਲਗਾਇਆ ਸੀ,ਜਿਸ ਸਬੰਧੀ ਕੁਝ ਦਿਨ ਪਹਿਲਾਂ ਮੈ ਯੂਨੀਵਸਿਟੀ ਆਇਆ ਸੀ ਇਸ ਦੌਰਾਨ ਪੂਰਾ ਦਿਨ ਮੈਨੂੰ ਬਿਠਾ ਕੇ ਰੱਖਿਆ ਅਤੇ ਜਦੋਂ ਪ੍ਰਿਸਿਪਲ ਮੈਨੂੰ ਮਿਲਿਆ ਤਾਂ ਉਨ੍ਹਾਂ ਮੈਨੂੰ ਬਹੁਤ ਚੰਗਾ ਮਾੜਾ ਕਿਹਾ ਜਿਸ ਕਾਰਨ ਮੇਰਾ ਬੇਟੇ ਕਾਫੀ ਪ੍ਰੇਸ਼ਾਨ ਸੀ।


ਉਥੇ ਹੀ ਇਸ ਸਬੰਧੀ ਜਦੋਂ ਯੂਨੀਵਰਸਟੀ ਦੇ ਵਾਈਸ ਪ੍ਰਧਾਨ ਡਾ. ਹਰਸ਼ ਸਦਾਵਰਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਉਨ੍ਹਾਂ ਨੂੰ ਵੀ ਬਹੁਤ ਦੁੱਖ ਹੈ ਅਤੇ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਜਿਸ ਲਈ ਉਹਨਾਂ ਵਲੋਂ ਤਿੰਨ ਮੈਬਰਾਂ ਦੀ ਕਮੇਟੀ ਬਣਾਈ ਗਈ ਹੈ ਜੋ ਮਾਮਲੇ ਦੀ ਜਾਂਚ ਕਰੇਗੀ।


ਇਸ ਮੌਕੇ ਪਹੁੰਚੇ ਐਸਪੀ ਰਾਕੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।