ਅੰਮ੍ਰਿਤਸਰ: ਸਰਕਾਰ ਤੋਂ ਨਾਰਾਜ਼ ਚੱਲੇ ਆ ਰਹੇ ਅੰਮ੍ਰਿਤਸਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਸ਼ਹਿਰ ਦੀ ਥਾਂ ਸੰਗਰੂਰ ਜਾ ਕੇ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਤੇ ਉਨ੍ਹਾਂ ਦੇ ਸ਼ਹਿਰ ਕਾਂਗਰਸ ਦੇ ਸੀਨੀਅਰ ਲੀਡਰ ਰਾਜ ਕੁਮਾਰ ਵੇਰਕਾ ਨੇ ਜੱਲ੍ਹਿਆਂਵਾਲਾ ਬਾਗ਼ ਵਿੱਚ ਜਾ ਕੇ ਝੰਡਾ ਲਹਿਰਾਇਆ। ਵੈਸੇ ਗਣਤੰਤਰ ਦਿਵਸ 'ਤੇ ਅੰਮ੍ਰਿਤਸਰ ਵਿੱਚ ਸਰਕਾਰ ਤਰਫੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਡਿਊਟੀ ਲਾਈ ਗਈ ਸੀ ਤੇ ਸਿੱਧੂ ਨੂੰ ਸੰਗਰੂਰ ਭੇਜਿਆ ਗਿਆ।

ਇਸ ਮੌਕੇ ਵੇਰਕਾ ਨੇ ਜੱਲ੍ਹਿਆਂਵਾਲਾ ਬਾਗ਼ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਵੀ ਦਿੱਤੀ। ਉੱਧਰ ਮੇਅਰ ਦੀ ਚੋਣ ਤੋਂ ਬਾਅਦ ਸਰਕਾਰ ਤੋਂ ਨਾਰਾਜ਼ ਚੱਲੇ ਆ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੰਗਰੂਰ ਜਾ ਕੇ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ। ਹਾਲਾਂਕਿ, ਉੱਥੇ ਜਾ ਕੇ ਉਨ੍ਹਾਂ ਸਰਕਾਰ ਪ੍ਰਤੀ ਆਪਣੀ ਵਫਾਦਾਰੀ ਦਾ ਪੂਰਾ ਸਬੂਤ ਦਿੱਤਾ।

ਉਨ੍ਹਾਂ ਆਪਣੀ ਨਾਰਾਜ਼ਗੀ ਨੂੰ ਜ਼ਾਹਰ ਨਾ ਕਰਦਿਆਂ ਕੈਪਟਨ ਸਰਕਾਰ ਦੀ ਜੰਮ ਕੇ ਸ਼ਲਾਘਾ ਕੀਤੀ। ਇਸ ਤੋਂ ਬਾਅਦ ਸਿੱਧੂ ਆਪਣੇ ਜੱਦੀ ਪਿੰਡ ਕੱਕੜਵਾਲਾ ਵੀ ਪਹੁੰਚੇ। ਸਿੱਧੂ ਨੇ ਆਪਣੇ ਪਿੰਡ ਨੂੰ 50 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ। ਪਿੰਡ ਵਾਸੀਆਂ ਨੇ ਕਈ ਸਾਲਾਂ ਬਾਅਦ ਆਏ ਸਿੱਧੂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।