ਚੰਡੀਗੜ੍ਹ: ਸੰਘਰਸ਼ ਕਰ ਰਹੇ ਅਧਿਆਪਕਾਂ ਨੇ ਅੱਜ ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੂੰ ਕੋਲ਼ੇ ਦੇ ਡੱਬੇ ਸੌਂਪੇ। ਤਨਖਾਹਾਂ ਵਿੱਚ ਕਟੌਤੀ ਖਿਲਾਫ ਤੇ ਹੋਰ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕ ਤੇ ਨਾਨ ਟੀਚਿੰਗ ਸਟਾਫ ਇਸ ਵਾਰ ਕਾਲ਼ੀ ਦੀਵਾਲੀ ਮਨਾ ਰਹੇ ਹਨ। ਅਧਿਆਪਕਾਂ ਨੇ ਰਾਜਾ ਵੜਿੰਗ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਰਾਜਾ ਵੜਿੰਗ ਨੇ ਆਪਣੇ ਵੱਲੋਂ ਮਠਿਆਈ ਖਵਾ ਕੇ ਅਧਿਆਪਕਾਂ ਦਾ ਮੂੰਹ ਮਿੱਠਾ ਕਰਾਇਆ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।

ਇਸ ਮੌਕੇ ਅਧਿਆਪਕਾਂ ਨੇ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨਾਲ ਕੀਤੇ ਵਾਅਦੇ ਯਾਦ ਕਰਾਏ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕਰਕੇ ਦਿੱਤੇ ਜਵਾਬ ਦਾ ਪ੍ਰੈੱਸ ਨੋਟ ਦਿਖਾਇਆ। ਅਧਿਆਪਕਾਂ ਨੇ ਰਾਜਾ ਵੜਿੰਗ ਸਾਹਮਣੇ ਖਦਸ਼ਾ ਜਤਾਇਆ ਕਿ ਜਿਸ ਤਰ੍ਹਾਂ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਅਧਿਆਪਕਾਂ ਨਾਲ ਵਾਪਰੀ ਹੈ, ਉਨ੍ਹਾਂ ਦਾ ਵੀ ਉਹੀ ਹਾਲ ਨਾ ਹੋ ਜਾਏ।

ਅਧਿਆਪਕਾਂ ਦੇ ਇਸ ਸ਼ੰਕੇ ਨੂੰ ਦੂਰ ਕਰਦਿਆਂ ਵਿਧਾਇਕ ਰਾਜਾ ਵੜਿੰਗ ਨੇ ਜਵਾਬ ਦਿੱਤਾ ਕਿ ਉਹ ਅਧਿਆਪਕਾਂ ਦੀ ਮੰਗ ਕੈਪਟਨ ਅਮਰਿੰਦਰ ਸਿੰਘ ਕੋਲ ਨਿੱਜੀ ਤੌਰ ’ਤੇ ਰੱਖਣਗੇ। ਉਨ੍ਹਾਂ ਆਉਣ ਵਾਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੀ ਇਹ ਮੁੱਦਾ ਪਹਿਲ ਦੇ ਅਧਾਰ ’ਤੇ ਉਠਾਉਣ ਦਾ ਭਰੋਸਾ ਦਿੱਤਾ।

ਇਸ ਮੌਕੇ ਵੜਿੰਗ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੇ ਕੇਂਦਰ ਸਰਕਾਰ ਦੀ ਕੋਈ ਨੀਤੀ ਹੋਵੇਗੀ ਤਾਂ ਸਿੱਖਿਆ ਮੰਤਰੀ ਜ਼ਰੀਏ ਅਧਿਆਪਕਾਂ ਦਾ ਮੰਗ ਪੱਤਰ ਕੇਂਦਰ ਤਕ ਪਹੁੰਚਾਇਆ ਜਾਵੇਗਾ। ਉਨ੍ਹਾਂ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਤਨਖਾਹ ਵਿੱਚ ਕਿਸੇ ਕਿਸਮ ਦੀ ਕਟੌਤੀ ਨਹੀਂ ਕੀਤੀ ਜਾਵੇਗੀ। ਜੇ ਇਸ ਮਾਮਲੇ ਸਬੰਧੀ ਕਿਸੇ ਕਿਸਮ ਦੇ ਸੰਘਰਸ਼ ਕਰਨਾ ਪਿਆ ਤਾਂ ਉਹ ਅਧਿਆਪਕਾਂ ਦਾ ਪੂਰਾ ਸਾਥ ਦੇਣਗੇ।