Punjab News: ਮਨਪ੍ਰੀਤ ਸਿੰਘ ਬਾਦਲ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਠਿੰਡ ਨਗਰ ਨਿਗਮ ਨੂੰ ਲੈ ਕੇ ਰੱਫੜ ਪੈਂਦਾ ਵਿਖਾਈ ਦੇ ਰਿਹਾ ਹੈ। ਇਸ ਨੂੰ ਲੈ ਕੇ ਮਨਪ੍ਰੀਤ ਬਾਦਲ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਆਹਮੋ-ਸਾਹਮਣੇ ਵਿਖਾਈ ਦੇ ਰਹੇ ਹਨ।
ਮਨਪ੍ਰੀਤ ਬਾਦਲ ਉੱਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਮਨਪ੍ਰੀਤ ਬਾਦਲ ਤੇ ਉਸ ਦੇ ਰਿਸ਼ਤੇਦਾਰ ਮੀਟਿੰਗਾਂ ਕਰਕੇ ਕਾਂਗਰਸ ਕੌਂਸਲਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰ ਕਰ ਦਈਏ ਕਿ ਇਸ ਵੇਲੇ ਬਠਿੰਡਾ ਨਗਰ ਨਿਗਮ ਉੱਤੇ ਕਾਂਗਰਸ ਦਾ ਕਬਜ਼ਾ ਹੈ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਦੇ MSD ਸਕੂਲ ਵਿਚ ਕੌਂਸਲਰਾਂ ਅਤੇ ਪੁਰਾਣੇ ਕਾਂਗਰਸੀ ਲੀਡਰਾਂ ਨਾਲ ਮੀਟਿੰਗ ਕਰਨ ਆਏ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕੀਤੀ।
ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਾਂਗਰਸੀਆਂ ਨਾਲ ਮਿਲਣ ਆਏ ਹਨ ਤੇ ਉਨ੍ਹਾਂ ਦੇ ਗਿਲੇ ਸ਼ਿਕਵੇ ਸੁਣਨ ਆਏ ਹਨ। ਜਿੱਥੋਂ ਤੱਕ ਕਾਰਪੋਰੇਸ਼ਨ ਭੰਗ ਕਰਨ ਦੀ ਗੱਲ ਹੈ ਇਹ ਸਾਰੇ ਕੌਂਸਲਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਜਾਂ ਆਜ਼ਾਦ ਹਨ ਇਨ੍ਹਾਂ ਦਾ ਦਿਲ ਕਰੇਗਾ ਫੈਸਲਾ ਲੈ ਸਕਦੇ ਹਨ ਮੇਰੇ ਵੱਲੋਂ ਕੋਈ ਬੰਦਸ਼ ਨਹੀਂ ਹੈ।
ਬਠਿੰਡੇ ਦੇ ਲੋਕ ਬਹੁਤ ਅਣਖੀ ਹਨ ਕਿਸੇ ਦੇ ਮੁਥਾਜ ਨਹੀਂ ਹਨ ਇਹ ਇੱਕ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਇਹ ਸਾਰੇ ਕਾਂਗਰਸ ਪਾਰਟੀ ਦੇ ਝੰਡੇ ਹੇਠ ਜਿੱਤੇ ਸਨ ਕੋਈ ਵੀ ਵਿਅਕਤੀ ਕਿਸੇ ਪਾਸੇ ਨਹੀਂ ਹੋਵੇਗਾ। ਜਦੋਂ ਕਿਸੇ ਨੇ ਕੋਈ ਪਾਰਟੀ ਛੱਡਣੀ ਹੋਵੇ ਤਾਂ ਉਹ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾਉਦਾ ਹੈ।
ਮਨਪ੍ਰੀਤ ਬਾਦਲ ਖਿਲਾਫ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਸ ਨਾਲ ਕੋਈ ਵੀ ਪਾਰਟੀ ਛੱਡ ਕੇ ਨਹੀਂ ਜਾਵੇਗਾ, ਨਾਂ ਹੀ ਪੀਪੀਪੀ ਵੇਲੇ ਗਿਆ ਸੀ ਤੇ ਨਾ ਹੀ ਹੁਣ ਕੋਈ ਭਾਜਪਾ ਵਿੱਚ ਜਾਣ ਵੇਲੇ ਨਾਲ ਜਾਏਗਾ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਾਂਗਰਸ ਦੇ ਪ੍ਰਧਾਨ ਨੇ ਤੇ ਕਾਂਗਰਸ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ ਹੈ ਇਹ ਦੇਖਣਾ ਹੈ ਉਨ੍ਹਾਂ ਦਾ ਕੰਮ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਉਹ ਕਦੇ ਵੀ ਆਪਦੇ ਰਿਸ਼ਤੇਦਾਰਾ ਨੂੰ ਲੋਕਾਂ ਦੇ ਸਿਰ ਉਪਰ ਨਹੀਂ ਬਿਠਾਏਗਾ ਜੋ ਇਨ੍ਹਾਂ ਲੋਕਾਂ ਦਾ ਫੈਸਲਾ ਹੋਵੇਗਾ ਮਨਜ਼ੂਰ ਹੋਵੇਗਾ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਕਾਂਗਰਸ ਤੋਂ ਨਹੀਂ ਅੱਕੇ ਸਨ ਅਤੇ ਨਾ ਹੀ ਪੰਜੇ ਤੋਂ, ਉਹ ਤਾਂ ਇਹੋ ਜਿਹੇ ਲੀਡਰਾਂ ਤੋਂ ਅੱਕੇ ਸਨ ਇਸੇ ਕਰ ਕੇ ਇਹੋ ਜਿਹੇ ਲੋਕਾਂ ਨੂੰ ਵੱਡੇ ਵੱਡੇ ਮਾਰਜਨ ਨਾਲ ਹਰਾਇਆ ਹੈ ।