Ludhiana News: ਲੁਧਿਆਣਾ ਤੋਂ ਹੈਰਾਨ ਕਰਨ ਵਾਲੀ ਖਬਰ ਆਈ ਹੈ। ਦੋ ਛੋਟੀਆਂ ਬੱਚੀਆਂ ਜਲੰਧਰ ਤੋਂ ਰੇਲ ਗੱਡੀ ਰਾਹੀਂ ਲੁਧਿਆਣਾ ਪੁੱਜ ਗਈਆਂ। ਇਨ੍ਹਾਂ ਬੱਚੀਆਂ ਦਾ ਕਹਿਣਾ ਹੈ ਕਿ ਉਹ ਮਾਪਿਆਂ ਦੀ ਕੁੱਟਮਾਰ ਤੋਂ ਤੰਗ ਆ ਕੇ ਘਰੋਂ ਭੇਜ ਆਈਆਂ ਹਨ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਮਾਂ-ਪਿਓ ਸ਼ਰਾਬ ਪੀਣ ਦੇ ਆਦੀ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 


ਇਨ੍ਹਾਂ ਬੱਚੀਆਂ ਨੂੰ ਸੜਕਾਂ ਦੇ ਘੁੰਮਦਾ ਦੇਖ ਦੋ ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੂੰ ਸੌਂਪ ਦਿੱਤਾ ਹੈ। ਪੁਲਿਸ ਮੁਤਾਬਕ ਜਲੰਧਰ ਤੋਂ ਲੁਧਿਆਣਾ ਪੁੱਜ ਕੇ ਦੋਵੇਂ ਭੈਣਾਂ ਸੜਕਾਂ ’ਤੇ ਘੁੰਮਦੀਆਂ ਰਹੀਆਂ ਤੇ ਠੰਢ ’ਚ ਜਗਰਾਉਂ ਪੁਲ ਕੋਲ ਹੀ ਸੌ ਗਈਆਂ। ਸਵੇਰੇ ਜਦੋਂ ਉਹ ਖਾਣੇ ਲਈ ਇੱਧਰ-ਉਧਰ ਭਟਕ ਰਹੀਆਂ ਸਨ ਤਾਂ ਜਗਰਾਉਂ ਪੁਲ ’ਤੇ ਟਰੈਫਿਕ ਪੁਲਿਸ ਦੇ ਏਐਸਆਈ ਗੁਰਮੀਤ ਸਿੰਘ ਤੇ ਪਰਮਜੀਤ ਸਿੰਘ ਨੇ ਦੋਵਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਂ-ਪਿਓ ਨੇ ਸ਼ਰਾਬ ਪੀਣ ਤੋਂ ਬਾਅਦ ਦੋਵਾਂ ਨੂੰ ਕੁੱਟਿਆ ਸੀ ਤੇ ਘਰੋਂ ਪੈਸੇ ਕਮਾਉਣ ਲਈ ਕੱਢ ਦਿੱਤਾ। 


ਇਸ ਕਾਰਨ ਉਹ ਉਨ੍ਹਾਂ ਦੀ ਮਾਰ ਦੇ ਡਰ ਤੋਂ ਜਲੰਧਰ ਤੋਂ ਇੱਥੇ ਆ ਗਈਆਂ ਹਨ। ਦੋਵਾਂ ਕਰਮੀਆਂ ਨੇ ਬੱਚੀਆਂ ਨੂੰ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਦੇ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ’ਚ ਲੱਗ ਗਈ ਹੈ। ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀਆਂ ਨੇ ਦੱਸਿਆ ਕਿ ਉਹ ਜਲੰਧਰ ਇਲਾਕੇ ਦੀਆਂ ਰਹਿਣ ਵਾਲੀਆਂ ਹਨ ਤੇ ਉਨ੍ਹਾਂ ਦੇ ਮਾਂ-ਪਿਓ ਸ਼ਰਾਬ ਪੀਣ ਦੇ ਆਦੀ ਹਨ।


ਸ਼ਰਾਬ ਪੀਣ ਤੋਂ ਬਾਅਦ ਉਹ ਉਨ੍ਹਾਂ ਨੂੰ ਕੁੱਟਦੇ ਹਨ ਤੇ ਘਰੋਂ ਕੱਢ ਦਿੰਦੇ ਹਨ। ਵੱਡੀ ਲੜਕੀ ਅੰਮ੍ਰਿਤ ਨੇ ਦੱਸਿਆ ਕਿ ਉਹ ਅੱਠਵੀਂ ਜਮਾਤ ’ਚ ਪੜ੍ਹਦੀ ਹੈ ਤੇ ਦੂਜੀ ਭੈਣ ਕਾਫ਼ੀ ਛੋਟੀ ਹੈ। ਉਹ ਉਸ ਨੂੰ ਲੈ ਕੇ ਰਾਤ ਭਰ ਇੱਧਰ ਉਧਰ ਭਟਕਦੀ ਰਹੀ। ਬੱਚੀਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਪਹਿਲਾਂ ਵੀ ਜਦੋਂ ਮਾਂ-ਪਿਓ ਨੇ ਉਨ੍ਹਾਂ ਨੂੰ ਘਰੋਂ ਕੱਢਿਆ ਸੀ ਤਾਂ ਇੱਕ ਸੇਵਾ ਸੰਸਥਾ ਵਾਲਿਆਂ ਨੇ ਦੋਵਾਂ ਨੂੰ ਫੜ ਕੇ ਦੁਬਾਰਾ ਮਾਪਿਆਂ ਹਵਾਲੇ ਕਰ ਦਿੱਤਾ ਸੀ। ਥਾਣਾ ਡਿਵੀਜ਼ਨ ਨੰ. 2 ਦੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।