Punjab News : ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕੇ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ਮੁਕੰਮਲ ਕਰਨ ਲਈ ਉਪਰਾਲੇ ਕਰ ਰਹੇ ਹਨ। ਇਲਾਕੇ ਦੇ ਸਾਬਕਾ ਫੌਜ਼ੀਆਂ ਅਤੇ ਉਹਨਾਂ ਦੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਵਿਖੇ ਪਈ ਫੌਜ਼ ਦੀ ਜਗ੍ਹਾ ਨੂੰ ਵਰਤੋਂ ਵਿੱਚ ਲਿਆਉਣ ਲਈ ਡਿਫੈਂਸ ਇਸਟੇਟ ਅਫ਼ਸਰ, ਜਲੰਧਰ ਸਰਕਲ ਤਨੂ ਜੈਨ ਨਾਲ ਪੱਤਰ ਵਿਹਾਰ ਕਰਕੇ ਅਤੇ ਨਿੱਜੀ ਤੌਰਤੇ ਮਿਲਕੇ ਜਗਰਾਉਂ ਦੇ ਨੌਜੁਆਨ ਕਾਰਗਿਲ ਸ਼ਹੀਦ ਲੈਫਟੀਨੈਂਟ ਮਨਪ੍ਰੀਤ ਸਿੰਘ ਗੋਲਡੀ ਦੀ ਯਾਦ ਵਿੱਚ ਜਗਰਾਉਂ ਵਿਖੇ ਕੰਪਲੈਕਸ ਬਣਾਕੇ, ਉਸ ਵਿੱਚ ਹਲਕੇ ਦੇ ਆਮ ਲੋਕਾਂ ਲਈ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਵੱਡਾ ਪਾਰਕ ਬਣਾਇਆ ਜਾਵੇ, ਈ.ਸੀ.ਐਚ.ਐਸ.ਪੌਲੀਕਲੀਨਿਕ ਅਤੇ ਈ.ਐਸ.ਐਮ. ਕੰਟੀਨ ਦੀ ਬਿਲਡਿੰਗ ਉਸਾਰੀ ਜਾਵੇ।


 ਇਹ ਵੀ ਪੜੋ : ਦਿੱਲੀ ਪੁਲਿਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ ਅੱਤਵਾਦੀ ਲਖਬੀਰ ਦੇ 2 ਸਾਥੀ ਗ੍ਰਿਫਤਾਰ, ਮੁਕਾਬਾਲੇ ਦੌਰਾਨ ਪੁਲਿਸ ਮੁਲਾਜ਼ਮ ਨੂੰ ਲੱਗੀ ਗੋਲੀ


 

ਭਾਵੇਂ ਕਿ ਸਾਬਕਾ ਫੌਜ਼ੀਆਂ ਲਈ ਕਲੀਨਿਕ ਤੇ ਕੰਟੀਨ ਪਹਿਲਾਂ ਹੀ ਫੌਜ਼ ਵੱਲੋਂ ਕਿਰਾਏ ਦੀ ਪ੍ਰਾਈਵੇਟ ਬਿਲਡਿੰਗ ਵਿੱਚ ਚੱਲ ਰਿਹਾ ਹੈ ਪਰੰਤੂ ਜਗ੍ਹਾ ਘੱਟ ਹੋਣ ਕਾਰਨ ਫੌਜ਼ੀਆਂ ਨੂੰ ਸਮੱਸਿਆ ਆ ਰਹੀ ਹੈ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਮੰਗ 'ਤੇ ਡਿਫੈਂਸ ਇਸਟੇਟ ਅਫ਼ਸਰ, ਜਲੰਧਰ ਸਰਕਲ ਤਨੂ ਜੈਨ ਵਿਸ਼ੇਸ਼ ਤੌਰਤੇ ਆਪਣੀ ਟੀਮ ਸਮੇਤ ਜਗਰਾਉਂ ਪਹੁੰਚੇ ਅਤੇ ਉਹਨਾਂ ਵੱਲੋਂ ਜਗਰਾਉਂ ਵਿੱਚ ਪਈਆਂ ਭਾਰਤੀ ਫੌਜ਼ ਦੀਆਂ ਜ਼ਮੀਨਾਂ ਦਾ ਦੌਰਾ ਕੀਤਾ ਅਤੇ ਨਿਰੀਖਣ ਉਪਰੰਤ ਉਹਨਾਂ ਵੱਲੋਂ 11 ਜਨਵਰੀ 2023 ਨੂੰ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਪੱਤਰ ਲਿਖਕੇ ਸੂਚਿਤ ਕੀਤਾ ਕਿ ਸੁਰੱਖਿਆ ਕਾਰਨਾਂ ਕਰਕੇ ਆਮ ਲੋਕਾਂ ਲਈ ਪਾਰਕ ਬਨਾਉਣ ਵਿੱਚ ਸਮੱਸਿਆ ਆ ਰਹੀ ਹੈ, ਪਰੰਤੂ ਵਿਧਾਇਕਾ ਮਾਣੂੰਕੇ ਦੀ ਮੰਗ ਈ.ਸੀ.ਐਚ.ਐਸ.ਪੌਲੀਕਲੀਨਿਕ ਅਤੇ ਈ.ਐਸ.ਐਮ. ਕੰਟੀਨ ਦੀ ਬਿਲਡਿੰਗ ਉਸਾਰਨ ਨੂੰ ਫੌਜ਼ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ। 

 


 

ਜਦੋਂ ਹੀ ਵਿਧਾਇਕਾ ਮਾਣੂੰਕੇ ਵੱਲੋਂ ਸਾਬਕਾ ਫੌਜ਼ੀਆਂ ਦੇ ਆਗੂਆਂ ਇਹ ਸੂਚਨਾਂ ਦਿੱਤੀ ਤਾਂ ਸਾਬਕਾ ਫੌਜ਼ੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਸਾਬਕਾ ਫੌਜ਼ੀਆਂ ਨਾਲ ਵਿਚਾਰ-ਚਰਚਾ ਕਰਨ ਉਪਰੰਤ ਭਾਰਤੀ ਫੌਜ਼ ਨੂੰ ਵਿਧਾਇਕਾ ਮਾਣੂੰਕੇ ਵੱਲੋਂ ਮੁੜ ਪੱਤਰ ਲਿਖਿਆ ਗਿਆ ਕਿ ਜੇਕਰ ਸੁਰੱਖਿਆ ਕਾਰਨਾਂ ਕਰਕੇ ਪਾਰਕ ਨਹੀਂ ਬਣਾਇਆ ਜਾ ਸਕਦਾ ਤਾਂ ਫੌਜ਼ ਦੀ ਜ਼ਮੀਨ ਵਿੱਚ ਫੌਜ਼ੀਆਂ ਤੇ ਸਾਬਕਾ ਫੌਜ਼ੀਆਂ ਦੇ ਬੱਚਿਆਂ ਲਈ ਵੋਕੇਸ਼ਨਲ ਟਰੇਨਿੰਗ ਇੰਸਟੀਚਿਊਟ ਬਣਾਇਆ ਜਾਵੇ, ਨੌਜੁਆਨਾਂ ਨੂੰ ਆਰਮੀ, ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਵਾਸਤੇ ਟਰੇਨਿੰਗ ਦੇਣ ਲਈ ਇੰਸਟੀਚਿਊਟ ਬਣਾਇਆ ਜਾਵੇ, ਫੌਜ਼ੀਆਂ ਵਾਸਤੇ ਗੈਸਟ ਹਾਊਸ ਬਣਾਇਆ ਜਾਵੇ, ਜਗਰਾਉਂ ਹਲਕੇ ਨਾਲ ਸਬੰਧਿਤ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਦੀਵਾਰ (ਕੰਧ) ਬਣਾਈ ਜਾਵੇ ਅਤੇ ਉਸ ਉਪਰ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਜਾਣ ਅਤੇ ਉਹਨਾਂ ਦੀ ਜੀਵਨੀ ਲਿਖੀ ਜਾਵੇ, ਨਵੇਂ ਭਰਤੀ ਹੋਣ ਵਾਲੇ ਮੁੰਡੇ-ਕੁੜੀਆਂ ਲਈ ਟਰੇਨਿੰਗ ਵਾਸਤੇ ਖੇਡ ਗਰਾਊਂਡ ਬਣਾਕੇ ਉਸ ਵਿੱਚ ਟਰੈਕ ਬਣਾਇਆ ਜਾਵੇ।

 

ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਵਿਧਾਨ ਸਭਾ ਹਲਕਾ ਜਗਰਾਉਂ ਦੇ ਨੌਜੁਆਨ ਮੁੰਡੇ-ਕੁੜੀਆਂ ਦੇ ਭਵਿੱਖ ਨੂੰ ਚੰਗੇਰਾ ਬਨਾਉਣ ਲਈ ਉਹ ਹਮੇਸ਼ਾ ਯਤਨਸ਼ੀਲ ਹਨ ਅਤੇ ਪੰਜਾਬ ਸਰਕਾਰ ਨੇ ਵੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬੇਰੁਜ਼ਗਾਰ ਨੌਜੁਆਨਾਂ ਲਈ ਨੌਕਰੀਆਂ ਦੇ ਦਰਵਾਜ਼ੇ ਖੋਲ ਦਿੱਤੇ ਹਨ ਤੇ ਸਰਕਾਰ ਬਣਨ ਦੇ ਕੇਵਲ ਨੌਂ ਮਹੀਨੇ ਦੇ ਅੰਦਰ ਅੰਦਰ 25 ਤੋਂ ਵੀ ਜ਼ਿਆਦਾ ਨੌਜੁਆਨਾਂ ਨੂੰ ਨੌਕਰੀ ਲਈ ਨਿਯੁੱਕਤੀ ਪੱਤਰ ਜਾਰੀ ਕਰ ਦਿੱਤੇ ਹਨ। ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਹਲਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਲਈ ਉਹ ਆਪਣੀ ਟੀਮ ਸਮੇਤ ਜੁਟੇ ਹੋਏ ਅਤੇ ਕੁੱਝ ਸਮੇਂ ਬਾਅਦ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਕਾਰਗਰ ਨੀਤਜ਼ੇ ਲੋਕਾਂ ਦੇ ਸਾਹਮਣੇ ਆਉਣ ਲੱਗ ਜਾਣਗੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਕਰਮ ਸਿੰਘ ਸਿੱਧੂ, ਅਮਰਦੀਪ ਸਿੰਘ ਟੂਰੇ, ਡਾ.ਮਨਦੀਪ ਸਿੰਘ ਸਰਾਂ ਆਦਿ ਵੀ ਹਾਜ਼ਰ ਸਨ।