ਚੰਡੀਗੜ੍ਹ: ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ 'ਖੰਘ ਵਾਲੀ ਦਵਾਈ' ਵਾਲੇ ਬਿਆਨ ਮਗਰੋਂ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਵੀ ਨਹੀਂ ਟਲੇ। ਵੜਿੰਗ ਨੇ ਹੁਣ ਰਾਜਸਥਾਨ ਵਿੱਚ ਪਾਰਟੀ ਦੀ ਜਿੱਤ ਤੋਂ ਖੁਸ਼ ਹੋ ਕੇ ਆਪਣਾ ਉਹੀ ਬਿਆਨ ਵਿਧਾਨ ਸਭਾ ਦੇ ਬਾਹਰ ਦੇ ਦਿੱਤਾ।
ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਰਾਜਾ ਵੜਿੰਗ ਨੇ ਰਾਜਸਥਾਨ ਵਿੱਚ ਦਿੱਤਾ ਵਿਵਾਦਤ ਬਿਆਨ ਮੁੜ ਦੁਹਰਾਉਂਦਿਆਂ ਕਿਹਾ ਕਿ ਜਿਹੜੇ ਲੋਕ ਸ਼ਾਮ ਨੂੰ ਖੰਘ ਵਾਲੀ ਦਵਾਈ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲੈਣੀ ਚਾਹੀਦੀ ਹੈ ਤੇ ਅੱਜ ਵੀ ਸੱਦਾ ਉਸੇ ਤਰ੍ਹਾਂ ਖੁੱਲ੍ਹਾ ਹੈ।
ਇਹ ਵੀ ਪੜ੍ਹੋ: 'ਖੰਘ ਵਾਲੀ ਦਵਾਈ' ਦਾ ਲਾਰਾ ਲਾ ਕੇ ਫਸੇ ਰਾਜਾ ਵੜਿੰਗ
ਦਰਅਸਲ, ਰਾਜਾ ਵੜਿੰਗ ਨੇ ਰਾਜਸਥਾਨ ਵਿੱਚ ਵਿਧਾਨ ਸਭਾ ਦੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਰੱਜ ਕੇ 'ਖੰਘ ਦੀ ਦਵਾਈ' ਪੀਣ ਦੀ ਪੇਸ਼ਕਸ਼ ਕੀਤੀ ਸੀ। ਵੜਿੰਗ ਦਾ ਇਸ਼ਾਰਾ ਸ਼ਰਾਬ ਵੱਲ ਸੀ ਪਰ ਬਾਅਦ ਵਿੱਚ ਉਨ੍ਹਾਂ ਸਪੱਸ਼ਟੀਕਰਨ ਵੀ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਪੰਜਾਬ ਵਿੱਚ ਸਰਕਾਰੀ ਅਫ਼ਸਰਾਂ ਦੀ ਧੌਣ ਮਰੋੜਨ ਦਾ ਵੀ ਦਾਅਵਾ ਕੀਤਾ। ਵੜਿੰਗ ਦੇ ਇਸ ਬਿਆਨ ਦੀ ਕਾਫੀ ਨਿਖੇਧੀ ਵੀ ਹੋਈ ਸੀ, ਪਰ ਹੁਣ ਜਿੱਤ ਦੇ ਨਸ਼ੇ ਵਿੱਚ ਚੂਰ ਹੋਏ ਵਿਧਾਇਕ ਨੂੰ ਆਪਣੀ ਇਖ਼ਲਾਕੀ ਜ਼ਿੰਮੇਵਾਰੀ ਦੀ ਪਰਵਾਹ ਨਹੀਂ ਜਾਪਦੀ।