ਰੌਬਟ ਦੀ ਰਿਪੋਰਟ



ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਹੈ। ਵੜਿੰਗ ਨੇ ਪੰਜਾਬ 'ਚ ਮੌਜੂਦ ਤਮਾਮ ਮਾਫੀਆ ਰਾਜ ਨੂੰ ਜਨਮ ਦੇਣ ਲਈ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਟ੍ਰਾਂਸਪੋਰਟ ਮਾਫੀਆ ਪਿੱਛੇ ਕਿੰਗਪਿਨ ਵੀ ਬਾਦਲ ਪਰਿਵਾਰ ਨੂੰ ਹੀ ਦੱਸਿਆ ਹੈ।

ਰਾਜਾ ਵੜਿੰਗ ਨੇ ਕਿਹਾ, "ਪਿਛਲੇ 15-20 ਸਾਲਾਂ ਦੌਰਾਨ ਕਈ ਤਰ੍ਹਾਂ ਦੇ ਮਾਫੀਆ ਪੰਜਾਬ 'ਚ ਪੈਦਾ ਹੋਏ ਹਨ ਜਿਨ੍ਹਾਂ ਵਿੱਚੋਂ ਟ੍ਰਾਂਸਪੋਰਟ ਮਾਫੀਆ ਵੀ ਇੱਕ ਹੈ। ਤਮਾਮ ਮਾਫੀਆ ਨੂੰ ਜਨਮ ਦੇਣ ਵਾਲੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਹੀ ਹਨ। ਟ੍ਰਾਂਸਪੋਰਟ ਮਾਫੀਆ ਦਾ ਤਾਂ ਕਿੰਗਪਿਨ ਹੀ ਬਾਦਲ ਪਰਿਵਾਰ ਹੈ।"

ਵੜਿੰਗ ਨੇ ਕਿਹਾ, "ਮੈਂ ਆਪਣਾ ਰਿਪੋਰਟ ਕਾਰਡ ਲੋਕਾਂ ਨੂੰ ਦੇ ਰਿਹਾ ਹਾਂ ਕਿਉਂਕਿ ਅੱਜ ਮੈਨੂੰ ਟਰਾਂਸਪੋਰਟ ਮੰਤਰੀ ਬਣੇ 22 ਦਿਨ ਹੋ ਗਏ ਹਨ। ਮੈਂ ਸਾਢੇ ਚਾਰ ਸਾਲਾਂ ਦੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਲੋਕਾਂ ਤੋਂ ਮੁਆਫੀ ਵੀ ਮੰਗਦਾ ਹਾਂ ਕਿਉਂਕਿ ਅਸੀਂ ਬਹੁਤ ਸਾਰੇ ਵਾਅਦੇ ਪੂਰੇ ਨਹੀਂ ਕਰ ਸਕੇ।"

ਕੈਪਟਨ ਅਮਰਿੰਦਰ 'ਤੇ ਹਮਲਾ ਬੋਲਦਿਆਂ ਵੜਿੰਗ ਨੇ ਕਿਹਾ, "ਕਾਂਗਰਸ ਨੇ ਕੈਪਟਨ ਨੂੰ ਸਾਢੇ ਨੌਂ ਸਾਲਾਂ ਲਈ ਮੁੱਖ ਮੰਤਰੀ ਬਣਾਇਆ। ਕੈਪਟਨ ਤੇ ਬਾਦਲ ਪਰਿਵਾਰ ਵਿਚਾਲੇ ਗੁਪਤ ਸਮਝੌਤਾ ਹੋਇਆ ਸੀ। ਕੈਪਟਨ ਇੱਕ ਸਮਝੌਤੇ ਵਾਲੇ ਮੁੱਖ ਮੰਤਰੀ ਬਣੇ ਰਹੇ ਤੇ ਉਨ੍ਹਾਂ ਸਾਰਿਆਂ ਨਾਲ ਸਮਝੌਤਾ ਕਰ ਲਿਆ ਜਿਨ੍ਹਾਂ ਨੇ ਪੰਜਾਬ ਵਿੱਚ ਹਰ ਤਰ੍ਹਾਂ ਦੇ ਮਾਫੀਆ ਪੈਦਾ ਕੀਤੇ। ਅੱਜ ਕੈਪਟਨ ਅਮਰਿੰਦਰ ਜੋ ਨਵੀਂ ਪਾਰਟੀ ਬਣਾਉਣ ਦੀ ਗੱਲ ਕਰ ਰਹੇ ਹਨ, ਉਹ ਵੀ ਉਸ ਸਮਝੌਤੇ ਦਾ ਹੀ ਹਿੱਸਾ ਹੈ।"

ਆਪਣੀ ਉਪਲੱਬਧੀਆਂ ਗਿਣਾਉਂਦੇ ਹੋਏ ਟ੍ਰਾਂਸਪੋਰਟ ਮੰਤਰੀ ਨੇ ਕਿਹਾ, "ਅਸੀਂ 21 ਦਿਨਾਂ ਵਿੱਚ 258 ਬੱਸਾਂ ਜ਼ਬਤ ਕੀਤੀਆਂ ਹਨ ਜੋ ਬਿਨਾਂ ਟੈਕਸ ਜਾਂ ਰੂਟ ਜਾਂ ਹੋਰ ਉਲੰਘਣਾਵਾਂ ਦੇ ਨਾਲ ਚੱਲ ਰਹੀਆਂ ਸਨ। ਇਸ ਦੌਰਾਨ ਪੰਜਾਬ ਸਰਕਾਰ ਨੂੰ 3.29 ਕਰੋੜ ਰੁਪਏ ਟੈਕਸ ਮਿਲਿਆ ਹੈ। 15 ਤੋਂ 30 ਸਤੰਬਰ ਤੱਕ ਪੀਆਰਟੀਸੀ ਤੇ ਪਨਬਸ ਲਈ 46.28 ਕਰੋੜ ਰੁਪਏ ਦੀ ਬੁਕਿੰਗ ਹੋਈ ਜੋ ਅਕਤੂਬਰ ਦੇ ਪਹਿਲੇ 15 ਦਿਨਾਂ ਵਿੱਚ ਵਧ ਕੇ 54.26 ਕਰੋੜ ਰੁਪਏ ਹੋ ਗਈ।"

ਰਾਜਾ ਵੜਿੰਗ ਨੇ ਦੱਸਿਆ ਕਿ 842 ਨਵੀਆਂ ਬੱਸਾਂ ਖਰੀਦਣ ਲਈ ਆਰਡਰ ਦਿੱਤਾ ਗਿਆ ਹੈ। ਜਿਸ 587 ਪੰਜਾਬ ਰੋਡਵੇਜ਼ ਤੇ 255 ਪੀਆਰਟੀਸੀ ਦੀਆਂ ਬੱਸਾਂ ਸ਼ਾਮਲ ਹਨ। ਇਹ ਬੱਸਾਂ 45 ਦਿਨਾਂ ਅੰਦਰ ਸੜਕਾਂ ਤੇ ਦੋੜਣਗੀਆਂ। ਇਸ ਦੇ ਨਾਲ ਹੀ 800 ਡਰਾਈਵਰਾਂ ਤੇ ਕੰਡਕਟਰਾਂ ਦੀ ਭਰਤੀ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਨਵੀਆਂ ਬੱਸਾਂ ਵਿਹਲੀਆਂ ਨਾ ਰਹਿਣ।

ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਟੈਸਟਿੰਗ ਟਰੈਕ ਸ਼ਨੀਵਾਰ ਨੂੰ ਵੀ ਰਹਿਣਗੇ ਜੋ ਸ਼ਨੀਵਾਰ ਨੂੰ ਬੰਦ ਰਹਿੰਦੇ ਸਨ।ਤੰਬਾਕੂ ਅਤੇ ਪਾਨ ਮਸਾਲਾ ਦੇ ਇਸ਼ਤਿਹਾਰਾਂ ਸਮੇਤ ਸਰਕਾਰੀ ਮਾਲਕੀ ਵਾਲੀਆਂ ਬੱਸਾਂ ਵਿੱਚ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਕੋਈ ਇਸ਼ਤਿਹਾਰ ਨਹੀਂ ਲਗਾਏ ਜਾਣਗੇ। ਪੀਆਰਟੀਸੀ ਤੇ ਪਨਬਸ ਦੇ ਸਾਰੇ ਜੀਐਮ ਬੱਸ ਸਟੈਂਡ ਦੇ ਲਗਪਗ 500 ਮੀਟਰ ਦੀ ਚੈਕਿੰਗ ਕਰ ਸਕਦੇ ਹਨ। ਪਹਿਲਾਂ ਸਿਰਫ ਆਰਟੀਏ ਨੂੰ ਬੱਸ ਸਟੈਂਡ ਦੇ ਬਾਹਰ ਚੈਕਿੰਗ ਕਰਨ ਦਾ ਅਧਿਕਾਰ ਸੀ। ਸਟੇਟ ਟਰਾਂਸਪੋਰਟ ਦੇ ਠੇਕੇ 'ਤੇ ਰੱਖੇ ਕਰਮਚਾਰੀਆਂ ਦੀ ਤਨਖਾਹ 'ਚ 30 ਫੀਸਦੀ ਦਾ ਵਾਧਾ ਅਤੇ ਹਰ ਸਾਲ ਉਨ੍ਹਾਂ ਦੀ ਤਨਖਾਹ 'ਚ ਪੰਜ ਫੀਸਦੀ ਵਾਧਾ ਕੀਤਾ ਜਾਵੇਗਾ।