Punjab News: ਪੰਜਾਬ ਵਿੱਚ ਹੜ੍ਹਾਂ ਦੀ ਮਾਰ ਸਭ ਤੋਂ ਵੱਧ ਘੱਗਰ ਦੇ ਰਸਤੇ ਵਿੱਚ ਆਉਂਦੇ ਪਿੰਡਾਂ 'ਚ ਦੇਖਣ ਨੂੰ ਮਿਲੀ ਹੈ। ਘੱਗਰ ਦਰਿਆ ਦਾ ਪਾਣੀ ਮੋਹਾਲੀ ਤੋਂ ਹੁੰਦਾ ਹੋਇਆ ਮਾਨਸਾ ਤੱਕ ਪਹੁੰਚ ਗਿਆ ਹੈ। ਰਸਤੇ ਵਿੱਚ ਘੱਗਰ ਦਾ ਪਾਣੀ ਜਿਹੜੇ ਜਿਹੜੇ ਪਾਸੇ ਵੀ ਗਿਆ ਤਬਾਹੀ ਹੀ ਮਚਾਉਂਦਾ ਗਿਆ ਹੈ। ਅੱਜ ਸਵੇਰੇ ਤੜਕਸਾਰ ਮਾਨਸਾ ਦੇ ਚਾਂਦਪੁਰਾ ਪਿੰਡ ਵਿੱਚ ਘੱਗਰ ਦਰਿਆ ਵਿੱਚ ਪਾੜ ਪੈਣ ਨਾਲ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਨੂੰ ਹੱਥਾ ਪੈਰਾ ਦੀ ਪੈ ਗਈ। ਇਸ ਲੈ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਨੂੰ ਇਸ ਲਈ ਜ਼ਿੰਮੇਵਾਰਾ ਠਹਿਰਾਇਆ ਹੈ।
ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ, ਮੁੱਖ ਮੰਤਰੀ ਜੀ ਜੇਕਰ ਰਾਜਨੀਤੀ ਕਰਨ ਦੀ ਬਜਾਏ ਤੁਸੀਂ ਕੋਈ ‘ਨੀਤੀ’ ਬਣਾਈ ਹੁੰਦੀ ਤਾਂ ਚਾਂਦਪੁਰੇ ਵਾਲਾ ਬੰਨ੍ਹ ਟੁੱਟਣੋਂ ਬੱਚ ਸਕਦਾ ਸੀ ਅਤੇ 400 ਪਿੰਡ ਬੱਚ ਸਕਦੇ ਸੀ । ਮੈਂ ਕੱਲ੍ਹ ਵੀ ਕਿਹਾ ਸੀ ਸਰਕਾਰੇ ਧਿਆਨ ਕਰ ਲਓ ਪਰ ਨਾਂ DC ਮਾਨਸਾ ਸਾਹਿਬ ਕੋਲ ਸਮਾਂ ਸੀ ਸੁਨਣ ਦਾ ਨਾ ਪ੍ਰਸ਼ਾਸਨ ਕੋਲ । ਹੁਣ ਰੱਬ ਹੀ ਰਾਖਾ
ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ 5 ਵਜੇ ਦੀ ਕਰੀਬ ਬੁਢਲਾਡਾ ਦੇ ਪਿੰਡ ਚਾਂਦਪੁਰਾ ਵਿੱਚ ਘੱਗਰ ਦਰਿਆ ਦਾ ਬੰਨ੍ਹ ਟੁੱਟ ਗਿਆ। ਜਿਸ ਕਾਰਨ ਇਲਾਕੇ ਵਿੱਚ ਪਾਣੀ ਹੀ ਪਾਣੀ ਹੋ ਗਿਆ। ਚਾਂਦਪੁਰਾ ਬੰਨ੍ਹ ਬੁਢਲਾਡਾ ਸਬ-ਡਵੀਜ਼ਨ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਸਰਦੂਲਗੜ੍ਹ ਸਬ-ਡਵੀਜ਼ਨ ਦੇ ਪਿੰਡ ਰੋੜਕੀ ਵਿੱਚ ਵੀ ਘੱਗਰ ਦਰਿਆ ਦੇ ਬੰਨ੍ਹ ਵਿੱਚ ਪਾੜ ਪੈਣ ਦੀ ਖ਼ਬਰ ਹੈ।
ਸਰਦੂਲਗੜ੍ਹ ਸਬ-ਡਵੀਜ਼ਨ ਦੇ ਪਿੰਡ ਰੋੜੀ ਅਤੇ ਬੁਢਲਾਡਾ ਸਬ-ਡਵੀਜ਼ਨ ਦੇ ਚਾਂਦਪੁਰਾ ਦੇ ਬੰਨ੍ਹ ਵਿੱਚ ਪਾੜ ਪੈਣ ਨਾਲ ਸਥਾਨਕ ਲੋਕ ਸਹਿਮੇ ਹੋਏ ਹਨ। ਲੋਕ ਘਰ ਦੀਆਂ ਜ਼ਰੂਰੀ ਚੀਜ਼ਾਂ ਨੂੰ ਸਾਂਭਣ 'ਚ ਜੁੱਟ ਗਏ ਹਨ। ਇੱਕ ਤੋਂ ਬਾਅਦ ਇੱਕ , ਦੋ ਪਾੜ ਪੈਣ ਨਾਲ ਘੱਗਰ ਨੇ ਸ਼ਨੀਵਾਰ ਨੂੰ ਮਾਨਸਾ ਜ਼ਿਲ੍ਹੇ ਵਿੱਚ ਆਪਣਾ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੋਂ ਤੱਕ ਕਿ ਹੜ੍ਹ ਦਾ ਪਾਣੀ ਹਰਿਆਣਾ ਨਾਲ ਲੱਗਦੇ ਪਿੰਡਾਂ ਵਿੱਚ ਦਾਖਲ ਹੋ ਗਿਆ।