ਚੰਡੀਗੜ੍ਹ: ਬਠਿੰਡਾ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦਾ ਪੇਚਾ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨਾਲ ਪੈਣਾ ਤੈਅ ਹੈ। ਬੇਸ਼ੱਕ ਅਕਾਲੀ ਦਲ ਨੇ ਬਠਿੰਡਾ ਤੋਂ ਰਸਮੀ ਤੌਰ 'ਤੇ ਕੋਈ ਉਮੀਦਵਾਰ ਨਹੀਂ ਐਲਾਨਿਆ ਪਰ ਹੁਣ ਤੈਅ ਹੈ ਕਿ ਹਰਸਿਮਰਤ ਬਾਦਲ ਹੀ ਮੁੜ ਚੋਣ ਲੜਨਗੇ। ਇਸ ਬਾਰੇ ਅੱਜ ਜਦੋਂ ਅਕਾਲੀ ਲੀਡਰ ਬਿਕਰਮ ਮੀਜੀਠੀਆ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਉਮੀਦਵਾਰ ਕੌਣ ਹਨ। ਹਰਸਿਮਰਤ ਬਾਦਲ ਤੇ ਉਨ੍ਹਾਂ ਦੇ ਸਹੁਰਾ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਬਠਿੰਡਾ ਵਿੱਚ ਡਟੇ ਹੋਏ ਹਨ।
ਦਰਅਸਲ ਅਕਾਲੀ ਦਲ ਨੇ ਅਜੇ ਤੱਕ ਬਠਿੰਡਾ ਤੇ ਫਿਰੋਜ਼ਪੁਰ ਤੋਂ ਆਪਣੇ ਉਮੀਦਵਾਰ ਨਹੀਂ ਐਲਾਨੇ ਹਨ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਕਾਂਗਰਸ ਦੇ ਪੱਤੇ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ। ਹੁਣ ਕਾਂਗਰਸ ਨੇ ਬਠਿੰਡਾ ਤੋਂ ਰਾਜਾ ਵੜਿੰਗ ਤੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਗੁਬਾਇਆ ਨੂੰ ਉਮੀਦਵਾਰ ਬਣਾਇਆ ਹੈ। ਇਸ ਮਗਰੋਂ ਤੈਅ ਮੰਨਿਆ ਜਾ ਰਿਹਾ ਹੈ ਕਿ ਬਠਿੰਡਾ ਤੋਂ ਹਰਸਿਮਰਤ ਬਾਦਲ ਹੀ ਚੋਣ ਲੜਨਗੇ। ਦੂਜੇ ਪਾਸੇ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਚੋਣ ਲੜ ਸਕਦੇ ਹਨ।
ਪਹਿਲਾਂ ਚਰਚਾ ਸੀ ਕਿ ਕਾਂਗਰਸ ਬਠਿੰਡਾ ਤੋਂ ਨਵਜੋਤ ਸਿੱਧੂ ਜਾਂ ਮਨਪ੍ਰੀਤ ਬਾਦਲ ਨੂੰ ਚੋਣ ਲੜਾ ਸਕਦੀ ਹੈ। ਅਜਿਹਾ ਹੋਣ ਨਾਲ ਹਰਸਿਮਰਤ ਬਾਦਲ ਲਈ ਹਾਲਾਤ ਔਖੇ ਹੋ ਜਾਣੇ ਸੀ। ਇਸ ਲਈ ਅਕਾਲੀ ਦਲ ਨੇ ਫਿਰੋਜ਼ਪੁਰ ਹਲਕਾ ਸੁਰੱਖਿਅਤ ਛੱਡਿਆ ਸੀ ਤਾਂ ਜੋ ਹਰਸਿਰਤ ਦਾ ਹਲਕਾ ਤਬਦੀਲ ਕੀਤਾ ਜਾ ਸਕੇ। ਹੁਣ ਹਾਲਾਤ ਸਾਫ ਹੋਣ ਮਗਰੋਂ ਅਕਾਲੀ ਦਲ ਅੱਜ-ਭਲਕ ਆਪਣੇ ਉਮੀਦਵਾਰ ਐਲਾਨ ਦੇਵੇਗਾ। ਇਨ੍ਹਾਂ ਵਿੱਚ ਬਠਿੰਡਾ ਤੋਂ ਹਰਸਿਮਰਤ ਦਾ ਚੋਣ ਲੜਨਾ ਤਾਂ ਤੈਅ ਹੀ ਹੈ।
ਉਂਝ ਕਾਂਗਰਸ ਦੇ ਰਾਜਾ ਵੜਿੰਗ ਵੀ ਹਰਸਿਮਰਤ ਨੂੰ ਕਰੜੀ ਟੱਕਰ ਦੇਣਗੇ। ਨੌਜਵਾਨ ਲੀਡਰ ਰਾਜਾ ਵੜਿੰਗ ਚੰਗੇ ਬੁਲਾਰੇ ਹਨ। ਬੇਸ਼ੱਕ ਉਹ ਬੜਬੋਲੇਪਣ ਕਰਕੇ ਕਈ ਵਿਵਾਦਾਂ ਵਿੱਚ ਘਿਰਦੇ ਰਹਿੰਦੇ ਹਨ ਪਰ ਵੋਟਰਾਂ ਨੂੰ ਕੀਲ ਲੈਣ ਦੀ ਕਲਾ ਉਨ੍ਹਾਂ ਵਿੱਚ ਹੈ। ਉਹ ਗਿੱਦੜਬਾਹਾ ਤੋਂ ਦੋ ਵਾਰ ਵਿਧਾਨ ਸਭਾ ਚੋਣ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਤੇ ਆਮ ਆਦਮੀ ਪਾਰਟੀ ਦੀ ਪ੍ਰੋ. ਬਲਜਿੰਦਰ ਕੌਰ ਦੇ ਮੈਦਾਨ ਵਿੱਚ ਆਉਣ ਕਰਕੇ ਬਠਿੰਡਾ ਦਾ ਮੁਕਾਬਲਾ ਦਿਲਚਸ ਰਹਿਣ ਵਾਲਾ ਹੈ।
ਬਠਿੰਡਾ ਤੋਂ ਹਰਸਿਮਰਤ ਤੇ ਰਾਜਾ ਵੜਿੰਗ ਦਾ ਪੇਚਾ, ਖਹਿਰਾ ਬਣਾਉਣਗੇ ਦਿਲਚਸਪ ਮੁਕਾਬਲਾ
ਏਬੀਪੀ ਸਾਂਝਾ
Updated at:
21 Apr 2019 12:09 PM (IST)
ਬਠਿੰਡਾ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦਾ ਪੇਚਾ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨਾਲ ਪੈਣਾ ਤੈਅ ਹੈ। ਬੇਸ਼ੱਕ ਅਕਾਲੀ ਦਲ ਨੇ ਬਠਿੰਡਾ ਤੋਂ ਰਸਮੀ ਤੌਰ 'ਤੇ ਕੋਈ ਉਮੀਦਵਾਰ ਨਹੀਂ ਐਲਾਨਿਆ ਪਰ ਹੁਣ ਤੈਅ ਹੈ ਕਿ ਹਰਸਿਮਰਤ ਬਾਦਲ ਹੀ ਮੁੜ ਚੋਣ ਲੜਨਗੇ। ਇਸ ਬਾਰੇ ਅੱਜ ਜਦੋਂ ਅਕਾਲੀ ਲੀਡਰ ਬਿਕਰਮ ਮੀਜੀਠੀਆ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਹੈ ਕਿ ਉਮੀਦਵਾਰ ਕੌਣ ਹਨ। ਹਰਸਿਮਰਤ ਬਾਦਲ ਤੇ ਉਨ੍ਹਾਂ ਦੇ ਸਹੁਰਾ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਬਠਿੰਡਾ ਵਿੱਚ ਡਟੇ ਹੋਏ ਹਨ।
- - - - - - - - - Advertisement - - - - - - - - -