ਅੰਮ੍ਰਿਤਸਰ: ਐਤਵਾਰ ਨੂੰ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਵਿੱਚ ਡੇਰਾ ਨਿਰੰਕਾਰੀ 'ਤੇ ਹੋਏ ਹਮਲੇ ਵਿੱਚ ਤਿੰਨ ਸ਼ਰਧਾਲੂ ਮਾਰੇ ਗਏ। ਮਰਨ ਵਾਲਿਆਂ ਦੇ ਪਰਿਵਾਰਾਂ 'ਤੇ ਅਚਨਚੇਤ ਵੱਡਾ ਕਹਿਰ ਢਹਿ ਗਿਆ। ਅੱਜ 'ਏਬੀਪੀ ਸਾਂਝਾ' ਦੀ ਟੀਮ ਨੇ ਇਨ੍ਹਾਂ ਦੇ ਘਰਾਂ ਦਾ ਦੌਰਾ ਕੀਤਾ।


'ਏਬੀਪੀ ਸਾਂਝਾ' ਦੀ ਟੀਮ ਡੇਰਾ ਪ੍ਰਬੰਧਕਾਂ ਵਿੱਚ ਸ਼ਾਮਲ ਸੁਖਦੇਵ ਕੁਮਾਰ ਦੇ ਘਰ ਪਹੁੰਚੀ। ਸੁਖਦੇਵ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ। ਸੁਖਦੇਵ ਆਪਣੀ ਪਤਨੀ ਪਰਵੀਨ ਨਾਲ ਸਤਸੰਗ ਵਿੱਚ ਗਿਆ ਸੀ।


ਸੁਖਦੇਵ ਕੱਪੜੇ ਦੀ ਫੇਰੀ ਦਾ ਕੰਮ ਕਰਦਾ ਸੀ ਤੇ ਹਰ ਐਤਵਾਰ ਸਤਿਸੰਗ ਵਿੱਚ ਜਾਂਦਾ ਸੀ। ਸੁਖਦੇਵ ਆਪਣੇ ਪਿੱਛੇ ਪਤਨੀ ਤੇ ਇਕਲੌਤੀ ਬੇਟੀ ਛੱਡ ਗਿਆ ਹੈ। ਸੁਖਦੇਵ ਦੀ ਬੇਟੀ ਰੂਪਿਕਾ ਨਿਊਜ਼ੀਲੈਂਡ ਵਿੱਚ ਪੜ੍ਹਦੀ ਹੈ। ਪਿਤਾ ਦੀ ਮੌਤ ਦੀ ਖਬਰ ਸੁਣ ਕੇ ਉਹ ਵੀ ਸ਼ਾਮ ਨੂੰ ਅੰਮ੍ਰਿਤਸਰ ਪੁੱਜੇਗੀ। ਇਸ ਤੋਂ ਬਾਅਦ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।


ਪਿੰਡ ਬੱਗੇ ਕਲਾਂ ਦਾ ਰਹਿਣ ਵਾਲਾ ਦੂਜਾ ਮ੍ਰਿਤਕ ਕੁਲਦੀਪ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਉਹ ਆਪਣੇ ਪਿੱਛੇ ਧਰਮ ਪਤਨੀ ਇੱਕ ਬੇਟਾ ਤੇ ਤਿੰਨ ਬੇਟੀਆਂ ਛੱਡ ਗਿਆ ਹੈ। ਕੁਲਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਹਰ ਐਤਵਾਰ ਸਤਿਸੰਗ ਵਿੱਚ ਜਾਂਦਾ ਸੀ।


 

ਉਨ੍ਹਾਂ ਦੱਸਿਆ ਕਿ ਕੱਲ੍ਹ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਇਕੱਲੇ ਇਹ ਸਤਿਸੰਗ ਵਿੱਚ ਚਲੇ ਗਏ ਜਿੱਥੇ ਇਹ ਹਾਦਸਾ ਵਾਪਰ ਗਿਆ। ਪਰਿਵਾਰ ਨੂੰ ਕਰੀਬ ਦੋ ਵਜੇ ਸਿਵਲ ਹਸਪਤਾਲ ਵਿੱਚੋਂ ਫੋਨ ਆਇਆ ਤੇ ਇਸ ਹਾਦਸੇ ਦੀ ਸੂਚਨਾ ਦਿੱਤੀ।


ਹਾਦਸੇ ਵਿੱਚ ਮਾਰੇ ਗਏ ਤੀਜੇ ਨੌਜਵਾਨ ਸੰਦੀਪ ਸਿੰਘ ਦੀ ਮਾਤਾ ਨੇ ਰੋਂਦੇ ਵਿਲਕਦੇ ਹੋਏ ਕਿਹਾ ਕਿ ੳਨ੍ਹਾਂ ਦੀ ਸਰਕਾਰ ਤੋਂ ਕੋਈ ਵੀ ਮੰਗ ਨਹੀਂ। ਉਹ ਸਿਰਫ ਇਹ ਹੀ ਕਹਿਣਾ ਚਾਹੁੰਦੇ ਹਨ ਕਿ ਅਜਿਹੇ ਹਾਦਸੇ ਦੁਬਾਰਾ ਨਾ ਹੋਣ। ਉਨ੍ਹਾਂ ਕਿਹਾ ਅਜਿਹੇ ਧਾਰਮਿਕ ਸਥਾਨਾਂ 'ਤੇ ਲੋਕ ਬੱਚੇ ਲੈਣ ਜਾਂਦੇ ਹਨ ਨਾ ਕਿ ਗਵਾਉਣ।