ਚੰਡੀਗੜ੍ਹ: ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਤੇ ਫਾਜਿਲਕਾ ਸਿਟੀ ਥਾਣੇ  ਦੀ ਐਸਐਚਓ ਲਵਮੀਤ ਕੌਰ ਦੀ ਵਾਇਰਲ ਆਡਿਓ ਮਾਮਲੇ ਸਬੰਧੀ ਵਿਧਾਇਕ ਦੇਵੇਂਦਰ ਸਿੰਘ ਘੁਬਾਇਆ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਆਪਣੇ ਪੁੱਤ ਦੇ ਹੱਕ ਵਿੱਚ ਨਿੱਤਰੇ ਆਏ ਹਨ। ਯਾਦ ਰਹੇ ਦਿ ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੋਂ ਅਕਾਲੀ ਦਲ ਸਾਂਸਦ ਵੀ ਹਨ।

ਇਸ ਮਾਮਲੇ ਸਬੰਧੀ ਆਪਣੇ ਪੁੱਤਰ ਦੇ ਹੱਕ ਵਿੱਚ ਬੋਲਦਿਆਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਸਾਰੀ ਗੱਲ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਭ ਗ਼ਲਤ ਹੈ। ਉੱਧਰ ਵਿਧਾਇਕ ਦੇਵੇਂਦਰ ਸਿੰਘ ਘੁਬਾਇਆ ਵੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹਨ। ਹੁਣ ਉਨ੍ਹਾਂ ਦੇ ਪਿਤਾ ਦੇ ਤੇਵਰ ਵੀ ਕੁਝ ਉਸੇ ਤਰ੍ਹਾਂ ਦੇ ਹੀ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਪਹਿਲਾਂ ਕੈਬਨਿਟ ਮੰਤਰੀ ਤੇ ਹੁਣ ਕਾਂਗਰਸੀ ਵਿਧਾਇਕ ਨੇ ਮਹਿਲਾ ਪੁਲਿਸ ਅਧਿਕਾਰੀ ਨਾਲ ਫ਼ੋਨ 'ਤੇ ਕੀਤੀ ਬਦਸਲੂਕੀ

ਜ਼ਿਕਰਯੋਗ ਹੈ ਕਿ ਫ਼ਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਅਤੇ ਕਾਂਗਰਸ ਦੇ ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ 'ਤੇ ਮਹਿਲਾ ਪੁਲਿਸ ਅਧਿਕਾਰੀ ਨਾਲ ਬਦਤਮੀਜ਼ੀ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਸਬੰਧੀ ਦਵਿੰਦਰ ਸਿੰਘ ਘੁਬਾਇਆ ਦਾ ਕਥਿਤ ਆਡੀਓ ਕਲਿੱਪ ਵੀ ਸਾਹਮਣੇ ਆਇਆ ਸੀ।

ਇਹ ਵੀ ਪੜ੍ਹੋ- ਇਸ 'ਬੰਦੇ' ਖਾਤਰ ਮਹਿਲਾ ਥਾਣੇਦਾਰ ਨਾਲ ਉਲਝੇ ਘੁਬਾਇਆ

ਰਿਕਾਰਡਿੰਗ ਵਿੱਚ ਘੁਬਾਇਆ ਮਹਿਲਾ ਐਸਐਚਓ ਨਾਲ ਆਪਣੇ ਸਮਰਥਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾ ਰਹੇ ਹਨ ਅਤੇ ਬਹਿਸ ਕਰਦੇ ਹਨ। ਕਥਿਤ ਰਿਕਾਰਡਿੰਗ ਵਿੱਚ ਘੁਬਾਇਆ ਦੀ ਭਾਸ਼ਾ ਦਾ ਪੱਧਰ ਕਾਫੀ ਨੀਵਾਂ ਚਲਾ ਜਾਂਦਾ ਹੈ।