ਅੰਮ੍ਰਿਤਸਰ: ਰਾਜਾਸਾਂਸੀ ਨੇੜੇ ਡੇਰਾ ਨਿਰੰਕਾਰੀ 'ਤੇ ਹੋਏ ਹਮਲੇ ਮਗਰੋਂ ਪੁਲਿਸ ਨੇ ਫੜੋ-ਫੜੀ ਦਾ ਦੌਰ ਅਰੰਭਿਆ ਹੈ। ਇਸ ਸਬੰਧੀ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਪੀਜੀ ਵਿੱਚ ਛਾਪੇਮਾਰੀ ਕਰਕੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਬਾਹਰੋਂ ਆਏ ਵਿਦਿਆਰਥੀਆਂ ਬਾਰੇ ਪੁੱਛ ਪੜਤਾਲ ਕਰ ਰਹੀ ਹੈ।
ਸੂਤਰਾਂ ਮੁਤਾਬਕ ਇਹ ਕਾਰਵਾਈ ਰਾਜਾਸਾਂਸੀ ਬੰਬ ਧਮਾਕੇ ਸਬੰਧੀ ਹੀ ਕੀਤੀ ਜਾ ਰਹੀ ਹੈ ਪਰ ਪੁਲਿਸ ਦਾ ਕਹਿਣਾ ਕਿ ਇਹ ਰੂਟੀਨ ਜਾਂਚ ਹੈ। ਦਰਅਸਲ ਬਠਿੰਡਾ ਦੇ ਅਜੀਤ ਰੋਡ ਤੇ ਹੋਰ ਇਲਾਕਿਆਂ ਵਿੱਚ ਵੱਡੀ ਗਿਣਤੀ ਬਾਹਰੋਂ ਆਏ ਵਿਦਿਆਰਥੀ ਪੀਜੀ ਵਿੱਚ ਰਹਿੰਦੇ ਹਨ।
ਪਤਾ ਲੱਗਾ ਹੈ ਕਿ ਇਸ ਕਾਰਵਾਈ ਵਿੱਚ ਬਠਿੰਡਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਪੀਜੀ ਵਿੱਚ ਠਹਿਰੇ ਹੋਏ ਸਨ ਪਰ ਉਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਸਨ। ਉਹ ਨਾ ਹੀ ਪੁਲਿਸ ਨੂੰ ਦੱਸ ਸਕੇ ਕਿ ਉਹ ਪੀਜੀ ਵਿੱਚ ਕਿਉਂ ਠਹਿਰੇ ਹੋਏ ਹਨ।
ਬਠਿੰਡਾ ਰੇਂਜ ਦੇ ਆਈਜੀ ਐਮਐਫ ਫਾਰੂਕੀ ਨੇ ਸਿਰਫ ਇੰਨਾ ਦੱਸਿਆ ਹੈ ਕਿ ਦੋਵੇਂ ਨੌਜਵਾਨ ਪੰਜਾਬੀ ਹਨ। ਉਨ੍ਹਾਂ ਕੋਲੋਂ ਪੁੱਛਗਿਛ ਚੱਲ ਰਹੀ ਹੈ। ਫਿਲਹਾਲ ਇਨ੍ਹਾਂ ਦਾ ਅੰਮ੍ਰਿਤਸਰ ਨਾਲ ਕੋਈ ਸਬੰਧ ਨਹੀਂ ਮਿਲਿਆ।