ਚੰਡੀਗੜ੍ਹ : ਰਾਜਸਥਾਨ ਦੇ ਬਾੜਮੇਰ ਵਿੱਚ ਵੀਰਵਾਰ ਰਾਤ ਨੂੰ ਹਾਦਸਾਗ੍ਰਸਤ ਹੋਏ ਮਿਗ-21 ਜਹਾਜ਼ ਵਿੱਚ ਸ਼ਹੀਦ ਹੋਣ ਵਾਲੇ ਦੋ ਪਾਇਲਟਾਂ ਵਿੱਚੋਂ ਇੱਕ ਮੋਹਿਤ ਰਾਣਾ ਦਾ ਪਰਿਵਾਰ ਓਮੈਕਸ ਸਿਟੀ, ਨਿਊ ਚੰਡੀਗੜ੍ਹ ਵਿੱਚ ਰਹਿੰਦਾ ਹੈ। ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਨੇ ਖਾਣਾ-ਪੀਣਾ ਤੱਕ ਛੱਡ ਦਿੱਤਾ ਹੈ। ਬਸ ਆਪਣੇ ਜਵਾਨ ਪੁੱਤ ਨੂੰ ਹੀ ਯਾਦ ਕਰ ਰਹੀ ਹੈ। ਇਸ ਦੇ ਨਾਲ ਹੀ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਸ਼ਹੀਦ ਪਾਇਲਟ ਮੋਹਿਤ ਰਾਣਾ ਦੇ ਮਾਤਾ-ਪਿਤਾ ਮੂਲ ਰੂਪ 'ਚ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੇ ਸੰਘੋਲ ਦੇ ਰਹਿਣ ਵਾਲੇ ਹਨ ਅਤੇ ਹੁਣ ਓਮੈਕਸ ਸਿਟੀ, ਨਿਊ ਚੰਡੀਗੜ੍ਹ 'ਚ ਰਹਿੰਦੇ ਹਨ। ਮੋਹਿਤ ਵਿਆਹਿਆ ਹੋਇਆ ਸੀ। ਉਸਦੀ ਪਤਨੀ ਨਿਧੀ ਅਤੇ ਤਿੰਨ ਸਾਲ ਦੀ ਬੱਚੀ ਬਾੜਮੇਰ ਵਿੱਚ ਉਸਦੇ ਨਾਲ ਰਹਿੰਦੀ ਸੀ। ਮੋਹਿਤ ਹਵਾਈ ਸੈਨਾ ਵਿੱਚ ਨਵੇਂ ਪਾਇਲਟਾਂ ਨੂੰ ਜਹਾਜ਼ ਉਡਾਉਣ ਦੀ ਸਿਖਲਾਈ ਦਿੰਦਾ ਸੀ। ਉਸ ਦੇ ਪਿਤਾ ਓਮ ਪ੍ਰਕਾਸ਼ ਰਾਣਾ ਸੇਵਾਮੁਕਤ ਲੈਫਟੀਨੈਂਟ ਕਰਨਲ ਹਨ।
ਪਿਤਾ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਉਸ ਦਾ ਲੜਕਾ ਉਨ੍ਹਾਂ ਕੋਲੋ ਬਾੜਮੇਰ ਗਿਆ ਸੀ। ਉਹ ਬਚਪਨ ਤੋਂ ਹੀ ਏਅਰਫੋਰਸ ਵਿੱਚ ਕੰਮ ਕਰਨਾ ਚਾਹੁੰਦਾ ਸੀ। ਉਹ ਹੋਨਹਾਰ ਅਫਸਰ ਸੀ। ਉਸ ਨੂੰ ਆਪਣੇ ਪੁੱਤਰ 'ਤੇ ਮਾਣ ਹੈ। ਉਸੇ ਪੁੱਤਰ ਦੀ ਸ਼ਹਾਦਤ ਦੀ ਖਬਰ ਸੁਣ ਕੇ ਮਾਂ ਦੀ ਹਾਲਤ ਠੀਕ ਨਹੀਂ ਹੈ। ਉਸ ਦਾ ਰੋ -ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦੀ ਨੂੰਹ ਨਿਧੀ ਨੇ ਵੀਰਵਾਰ ਰਾਤ ਕਰੀਬ 11 ਵਜੇ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਦਿੱਤੀ ਸੀ।
ਖਰਾਬ ਮੌਸਮ ਕਾਰਨ ਨਹੀਂ ਆ ਸਕੀ ਮ੍ਰਿਤਕ ਦੇਹ
ਪਰਿਵਾਰ ਦੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਮੋਹਿਤ ਰਾਣਾ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਚੰਡੀਗੜ੍ਹ ਪੁੱਜਣੀ ਸੀ ਪਰ ਮੌਸਮ ਖਰਾਬ ਹੋਣ ਕਾਰਨ ਉਨ੍ਹਾਂ ਦੀ ਦੇਹ ਚੰਡੀਗੜ੍ਹ ਨਹੀਂ ਪਹੁੰਚ ਸਕੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਮੌਸਮ ਸਾਫ ਹੋਣ 'ਤੇ ਬਾੜਮੇਰ ਤੋਂ ਸ਼ਨੀਵਾਰ ਸਵੇਰੇ ਕਰੀਬ 6 ਵਜੇ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ ਜਾਵੇਗਾ, ਜੋ ਸਵੇਰੇ 9 ਵਜੇ ਦੇ ਕਰੀਬ ਚੰਡੀਗੜ੍ਹ ਪਹੁੰਚੇਗੀ। ਉਸ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ-25 ਸ਼ਮਸ਼ਾਨਘਾਟ ਵਿਖੇ ਸ਼ਹੀਦ ਮੋਹਿਤ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।