ਰਾਜੋਆਣਾ ਦੀ ਰਾਜਨਾਥ ਨੂੰ ਚਿੱਠੀ, ਮੈਡੀਕਲ ਜਾਂਚ ਤੋਂ ਕੀਤਾ ਇਨਕਾਰ
ਏਬੀਪੀ ਸਾਂਝਾ | 14 Aug 2016 06:34 AM (IST)
ਪਟਿਆਲਾ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਹਰ ਮਹੀਨੇ ਮੈਡੀਕਲ ਬੋਰਡ ਤੋਂ ਆਪਣੀ ਸਰੀਰਕ ਤੇ ਮਾਨਸਿਕ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਰਾਜੋਆਣਾ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ। ਇਸ ਦੀ ਕਾਪੀ ਉਸ ਨੇ ਅੱਜ ਆਪਣੀ ਭੈਣ ਕਮਲਦੀਪ ਕੌਰ ਦੇ ਹੱਥ ਮੀਡੀਆ ਲਈ ਭੇਜੀ ਹੈ। ਇਸ ਤੋਂ ਪਹਿਲਾਂ ਫਾਂਸੀ ਦੀ ਸਜ਼ਾ ਵਿੱਚ ਹੋ ਰਹੀ ਦੇਰੀ ’ਤੇ ਇਤਰਾਜ਼ ਕਰਦਿਆਂ ਉਸ ਨੇ ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਨੂੰ ਵੀ ਪੱਤਰ ਭੇਜੇ ਸਨ। ਪੱਤਰ ਵਿੱਚ ਰਾਜੋਆਣਾ ਨੇ ਅਜਿਹੀ ਮੈਡੀਕਲ ਜਾਂਚ ’ਤੇ ਆਧਾਰਤ ਰਿਪੋਰਟਾਂ ਨੂੰ ਫਾਂਸੀ ਮੌਕੇ ਯੋਗ ਜਾਂ ਅਯੋਗ ਕਰਾਰ ਦੇਣ ਲਈ ਸਰਕਾਰ ਵੱਲੋਂ ਆਪਣੀ ਸਹੂਲਤ ਮੁਤਾਬਕ ਵਰਤ ਲੈਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਰਾਜੋਆਣਾ ਦਾ ਕਹਿਣਾ ਹੈ ਕਿ ਉਹ ਹੁਣ ਮੈਡੀਕਲ ਜਾਂਚ ਨਹੀਂ ਕਰਵਾਏਗਾ ਜੋ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਬੋਰਡ ‘ਤੇ ਆਧਾਰਤ ਡਾਕਟਰਾਂ ਵੱਲੋਂ ਹਰ ਮਹੀਨੇ ਜੇਲ੍ਹ ਵਿੱਚ ਜਾ ਕੇ ਕੀਤੀ ਜਾਂਦੀ ਹੈ। ਉਹ ਖੁਦ ਆਖ ਰਿਹਾ ਹੈ ਕਿ ਉਸ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਤੁਰੰਤ ਅਮਲ ਵਿੱਚ ਲਿਆਂਦਾ ਜਾਵੇ ਤਾਂ ਫੇਰ ਅਜਿਹੀ ਜਾਂਚ ਦੇ ਕੀ ਮਾਅਨੇ ਹਨ। ਉਸ ਨੇ ਇਹ ਵੀ ਕਿਹਾ ਕਿ ਫਾਂਸੀ ਬਾਰੇ ਫੈਸਲਾ ਲੈਣ ਸਮੇਂ ਇਹ ਵਿਚਾਰ ਨਾ ਕੀਤਾ ਜਾਵੇ ਕਿ 21 ਸਾਲਾਂ ਤੇ ਹੁਣ ਨੌਂ ਸਾਲ ਫਾਂਸੀ ਕੋਠੀ ਵਿੱਚ ਰਹਿਣ ਤੋਂ ਬਾਅਦ ਉਸ ਦੇ ਸਰੀਰ ਦੀ ਮੌਜੂਦਾ ਹਾਲਤ ਕੀ ਹੈ।