ਰਾਜਪੁਰਾ: ਵੀਰਵਾਰ ਦੇਰ ਸ਼ਾਮ ਇੱਕ ਗੁਪਤ ਸੂਚਨਾ ਦੇ ਅਧਾਰ 'ਤੇ ਆਬਕਾਰੀ ਵਿਭਾਗ, ਪੰਜਾਬ, ਸਥਾਨਕ ਪੁਲਿਸ, ਆਈ.ਆਰ.ਬੀ ਅਤੇ ਸਿਹਤ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਅਲਕੋਹਲ 'ਤੇ ਅਧਾਰਤ ਜਾਅਲੀ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਫੜੀ ਹੈ। ਇਸ ਦੌਰਾਨ 5-5 ਲਿਟਰ ਦੀਆਂ ਵੱਡੀਆਂ ਕੇਨੀਆਂ, ਬਣੇ ਹੋਏ ਸੈਨੇਟਾਈਜ਼ਰ ਨਾਲ ਭਰੀਆਂ 4000 ਬੋਤਲਾਂ ਬਰਾਮਦ ਕੀਤੀਆਂ ਗਈਆਂ।

Continues below advertisement


ਇਸ ਤੋਂ ਇਲਾਵਾ ਵੱਡੀ ਮਾਤਰਾ 'ਚ ਖਾਲੀ ਬੋਤਲਾਂ, ਢੱਕਣ, ਲੇਬਲ, ਜਿਨ੍ਹਾਂ 'ਚ ਜਗਤਜੀਤ ਇੰਡਸਟਰੀ ਹਮੀਰਾ ਦੇ ਲੇਬਲ ਸ਼ਾਮਲ ਹਨ ਵੀ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਇੱਕ 35 ਲੀਟਰ ਦੇ ਕਰੀਬ ਸਪਿਰਟ ਵਰਗਾ ਤਰਲ ਪਦਾਰਥ ਅਤੇ ਸੈਨੇਟਾਈਜ਼ਰ ਪ੍ਰੈਸ਼ਰ ਪੰਪ ਵੀ ਮਿਲੇ ਹਨ। ਇਸ ਆਪਰੇਸ਼ਨ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਆਬਕਾਰੀ ਸੰਯੁਕਤ ਕਮਿਸ਼ਨਰ ਆਬਕਾਰੀ ਪੰਜਾਬ ਨਰੇਸ਼ ਦੂਬੇ ਨੇ ਦੱਸਿਆ ਕਿ ਰਾਜਪੁਰਾ ਦੇ ਫੋਕਲ ਪੁਆਇੰਟ ਅਤੇ ਐਸ.ਬੀ.ਐਸ. ਨਗਰ ਵਿਖੇ ਇੱਕ ਘਰ 'ਚ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਇਸ ਅਲਕੋਹਲ 'ਤੇ ਅਧਾਰਤ ਸੈਨੇਟਾਈਜ਼ਰ ਬਣਾਉਣ ਵਾਲੀ ਜਾਅਲੀ ਅਤੇ ਬਿਨ੍ਹਾਂ ਲਾਇਸੰਸੀ ਫੈਕਟਰੀ ਨੂੰ ਬੇਨਕਾਬ ਕੀਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਵਾਲੇ ਕੋਲ ਵਿਭਾਗ ਦਾ ਐਲ 42-ਬੀ ਲਾਇਸੰਸ ਵੀ ਨਹੀਂ ਸੀ ਤੇ ਨਾ ਹੀ ਸਿਹਤ ਵਿਭਾਗ ਵੱਲੋਂ ਡਰੱਗ ਸਬੰਧੀ ਲਾਇਸੰਸ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਨ ਸੱਗੀ ਦਾ ਨਾਂਅ ਸਾਹਮਣੇ ਆਇਆ ਹੈ, ਜਿਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਘਰ ਵਿੱਚੋਂ ਬਣਿਆ ਜਾਅਲੀ ਸੈਨੇਟਾਈਜ਼ਰ ਵੱਡੀ ਮਾਤਰਾ 'ਚ ਬਰਾਮਦ ਹੋਇਆ ਹੈ।


ਇਸੇ ਦੌਰਾਨ ਰਾਜਪੁਰਾ ਦੇ ਡੀਐੱਸਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਇਸ ਮਾਮਲੇ ਸਬੰਧੀ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਜਾ ਰਿਹਾ ਹੈ ਜਦੋਂਕਿ ਬਰਾਮਦ ਕੀਤੇ ਗਏ ਤਰਲ ਪਦਾਰਥ ਦੇ ਸੈਂਪਲ ਭਰੇ ਗਏ ਹਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਫੜਿਆ ਗਿਆ ਸੈਨੇਟਾਈਜ਼ਰ ਈਥਾਈਲ ਅਲਕੋਹਲ 'ਤੇ ਅਧਾਰਤ ਹੈ ਜਾਂ ਮਿਥਾਈਲ ਅਲਕੋਹਲ 'ਤੇ ਅਧਾਰਤ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ