ਪਟਿਆਲਾ: ਰਾਜਪੁਰਾ ਦੇ ਖੇੜੀ ਗੰਡਿਆਂ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਏ ਦੋਵਾਂ ਬੱਚਿਆਂ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਹੁਣ ਤਕ ਪੁਲਿਸ ਜਾਂਚ ਵਿੱਚ ਬੱਚਿਆਂ ਦੇ ਪਿਤਾ ਇਹ ਕਹਿੰਦੇ ਆ ਰਹੇ ਸੀ ਕਿ ਉਸ ਸ਼ਾਮ ਕਰੀਬ 8:45 ਵਜੇ ਉਹ ਘਰ ਆ ਗਏ ਸੀ ਪਰ ਰਾਜਪੁਰਾ ਦੇ ਇੱਕ ਹੋਟਲ ਦੇ ਸੀਸੀਟੀਵੀ ਤੋਂ ਖ਼ੁਲਾਸਾ ਹੋਇਆ ਹੈ ਕਿ ਬੱਚਿਆਂ ਦੇ ਪਿਤਾ ਉਸੇ ਰਾਤ 9:30 ਵਜੇ ਹੋਟਲ ਵਿੱਚ ਖ਼ਾਣਾ ਖਾ ਰਹੇ ਹਨ। ਦੱਸ ਦੇਈਏ ਦੋ ਦਿਨ ਪਹਿਲਾਂ ਬੱਚਿਆਂ ਦੇ ਪਿਤਾ ਨੇ ਪੁਲਿਸ ਨੂੰ ਆਪਣਾ DNA ਸੈਂਪਲ ਦੇਣੋਂ ਵੀ ਮਨ੍ਹਾ ਕਰ ਦਿੱਤਾ ਸੀ।
ਦਰਅਸਲ ਕੁਝ ਦਿਨ ਪਹਿਲਾਂ ਇੱਕ ਨਹਿਰ ਵਿੱਚੋਂ ਬੱਚੇ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੇ ਕੱਦ ਤੇ ਉਮਰ ਤੋਂ ਵੇਖ ਕੇ ਪੁਲਿਸ ਨੂੰ ਸ਼ੱਕ ਸੀ ਕਿ ਉਹ ਲਾਸ਼ ਦੋਵਾਂ ਲਾਪਤਾ ਬੱਚਿਆਂ ਵਿੱਚੋਂ ਕਿਸੇ ਇੱਕ ਦੀ ਹੋ ਸਕਦੀ ਹੈ। ਲਾਸ਼ ਦੀ ਪਛਾਣ ਕਰਨੀ ਮੁਸ਼ਕਲ ਸੀ, ਇਸੇ ਲਈ ਪੁਲਿਸ ਬੱਚਿਆਂ ਦੇ ਪਿਤਾ ਦਾ ਡੀਐਨਏ ਟੈਸਟ ਕਰਵਾ ਕੇ ਲਾਸ਼ ਨਾਲ ਮੇਲ ਕਰਨਾ ਚਾਹੁੰਦੀ ਸੀ। ਪਰ ਬੱਚਿਆਂ ਦੇ ਪਿਤਾ ਨੇ ਆਪਣਾ ਡੀਐਨਏ ਸੈਂਪਲ ਦੇਣੋਂ ਮਨ੍ਹਾ ਕਰ ਦਿੱਤਾ। ਪੁਲਿਸ ਦਾ ਪੱਖ ਹੈ ਕਿ ਇਹ ਤਫ਼ਤੀਸ਼ ਦਾ ਹਿੱਸਾ ਹੈ ਤੇ ਸ਼ਾਇਦ ਇਸ ਟੈਸਟ ਤੋਂ ਕੁਝ ਸਾਹਮਣੇ ਨਿਕਲ ਕੇ ਆ ਸਕਦਾ ਹੈ।
ਇੱਧਰ ਪੁਲਿਸ ਦੀ ਨਾਕਾਮੀ ਕਰਕੇ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਇਸ ਨੂੰ ਵੇਖਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਤਿੰਨ ਆਈਪੀਐਸ ਅਧਿਕਾਰੀਆਂ ’ਤੇ ਆਧਾਰਤ ਵਿਸ਼ੇਸ਼ ਜਾਂਚ ਟੀਮ (ਸਿੱਟ) ਗਠਿਤ ਕਰ ਦਿੱਤੀ ਹੈ। ‘ਸਿੱਟ’ ਦੀ ਅਗਵਾਈ ਪਟਿਆਲਾ ਦੇ ਆਈਜੀ ਅਮਰਦੀਪ ਸਿੰਘ ਰਾਏ ਕਰਨਗੇ। ਇਸ ਤੋਂ ਇਲਾਵਾ ਬਰਿੰਦਰਪਾਲ ਸਿੰਘ ਤੇ ਸਰਬਜੀਤ ਸਿੰਘ ਸਿੱਟ ਦੇ ਮੈਂਬਰ ਹਨ।
ਦਰਅਸਲ ਬੱਚੇ ਚੁੱਕਣ ਦੀਆਂ ਅਫਵਾਹਾਂ ਕਰਕੇ ਸੂਬੇ ਵਿੱਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸ ਲਈ ਪੁਲਿਸ 'ਤੇ ਲਗਾਤਾਰ ਦਬਾਅ ਬਣਦਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਘੁੰਮ ਰਹੇ ਹਨ ਜਿਨ੍ਹਾਂ ਵਿੱਚ ਬੱਚੇ ਚੁੱਕਣ ਦੇ ਗਰੋਹਾਂ ਬਾਰੇ ਖੁਲਾਸਾ ਕੀਤਾ ਗਿਆ ਹੈ। ਉਂਝ ਪੁਲਿਸ ਨੇ ਅਜੇ ਤੱਕ ਅਜਿਹੀ ਕਿਸੇ ਘਟਨਾ ਦੀ ਪੁਸ਼ਟੀ ਨਹੀਂ ਕੀਤੀ।
ਪੁਲਿਸ ਮੁਖੀ ਦੀਆਂ ਸਖ਼ਤ ਹਦਾਇਤਾਂ ਮਗਰੋਂ ਸਿੱਟ ਨੇ ਹੁਣ ਤੱਕ ਦੀ ਜਾਂਚ ਪ੍ਰਕਿਰਿਆ ਦੀ ਸਮੀਖਿਆ ਕੀਤੀ ਹੈ। ਇਸ ਦੇ ਪੁਲਿਸ ਫੋਰਸ ਨੂੰ ਕੁਝ ਨਵੇਂ ਦਿਸ਼ਾ-ਨਿਰਦੇਸ਼ ਵੀ ਦਿੱਤੇ। ਪੁਲਿਸ ਨੇ ਕੁਝ ਥਾਈਂ ਆਰਜ਼ੀ ਟੁਆਇਲਟ ਸਿਸਟਮ ਤਹਿਤ ਪੁੱਟੀਆਂ ਖੂਹੀਆਂ ਵੀ ਖੰਘਾਲਣ ਦਾ ਫੈਸਲਾ ਕੀਤਾ ਹੈ। ਇਸ ਕੰਮ ਲਈ ਸੀਵਰੇਜ ਸਿਸਟਮ ਨਾਲ ਜੁੜੇ ਮੁਲਾਜ਼ਮਾਂ ਦੀ ਮਦਦ ਲਈ ਜਾ ਰਹੀ ਹੈ।