Punjab News : ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਨੌਜਵਾਨ ਰਾਜਵੀਰ ਸਿੰਘ ਦੇ ਕੇਸ ਕੱਟਣ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਪੁਲਿਸ ਨੇ ਰਾਜਵੀਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਦੀ ਮੰਗ ਕੀਤੀ। ਜਿਸ 'ਤੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਸੁਣਨ ਪਿੱਛੋਂ ਅਦਾਲਤ ਨੇ ਦੋਵਾਂ ਦਾ ਪੁਲਿਸ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕੈਦੀ ਰਾਜਵੀਰ ਨਾਥਪੁਰਾ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ।


ਜਦੋਂ ਪੁਲਿਸ ਦੋਵਾਂ ਨੂੰ ਅਦਾਲਤ ਵਿਚ ਲੈ ਕੇ ਆਈ ਤਾਂ ਕੈਦੀ ਰਾਜਵੀਰ ਨੇ ਜੱਜ ਨੂੰ ਆਪਣੇ ਸਿਰ ਦੇ ਕੱਟੇ ਹੋਏ ਕੇਸ ਤੇ ਆਪਣੇ ਸਰੀਰ ’ਤੇ ਲੱਗੇ ਜ਼ਖ਼ਮਾਂ ਦੇ ਨਿਸ਼ਾਨ ਵਿਖਾਏ। ਰਾਜਵੀਰ ਨੇ ਦੋਸ਼ ਲਾਏ ਕਿ ਕੇਂਦਰੀ ਜੇਲ੍ਹ ਬਠਿੰਡਾ ਵਿਚ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਹੈ ਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ।


ਪੇਸ਼ੀ ਦੌਰਾਨ ਮੀਡੀਆ ਕਰਮੀ ਨਾਲ ਗੱਲਬਾਤ ਦੌਰਾਨ ਰਾਜਵੀਰ ਸਿੰਘ ਤੇ ਉਨ੍ਹਾਂ ਦੀ ਮਾਤਾ ਮਾਤਾ ਪ੍ਰਭਜੋਤ ਕੌਰ ਨੇ ਕੇਂਦਰੀ ਜੇਲ੍ਹ ਬਠਿੰਡਾ ਦੇ ਮੁਲਾਜ਼ਮਾਂ ਤੇ ਉਸ ਦੇ ਬੇਟੇ ਨਾਲ ਦੁਰਵਿਵਹਾਰ ਕਰਨ, ਬੇਵਜ੍ਹਾ ਕੁੱਟਮਾਰ ਕਰਨ ਤੇ ਕੇਸਾਂ ਦੀ ਬੇਅਦਬੀ ਕਰਨ ਦੇ ਗੰਭੀਰ ਇਲਜ਼ਾਮ ਲਾਏ ਤੇ ਜਾਂਚ ਮੰਗੀ। ਉਸ ਨੇ ਦੋਸ਼ ਲਾਇਆ ਕਿ 26 ਜੂਨ ਨੂੰ ਉਸ ਦੇ ਪੁੱਤਰ ਨਾਲ ਇਹ ਘਟਨਾ ਵਾਪਰੀ ਹੈ ਪਰ ਪੁਲਿਸ ਨੇ ਆਪਣੇ ਬਚਾਅ ਲਈ ਉਸਦੇ ਪੁੱਤਰ ’ਤੇ 28 ਜੂਨ ਨੂੰ ਜੇਲ੍ਹ ਵਿੱਚੋਂ ਭੱਜਣ ਤੇ ਵਾਰਡਨ ਦੀ ਕੁੱਟਮਾਰ ਦਾ ਝੂਠਾ ਕੇਸ ਦਰਜ ਕਰ ਦਿੱਤਾ।



ਰਾਜਵੀਰ ਸਿੰਘ ਅਦਾਲਤ ਪੇਸ਼ੀ ਦੌਰਾਨ ਆਪਣੀ ਮਾਤਾ ਨੂੰ ਵੇਖ ਪੱਬਾ ਮਾਰ ਕੇ ਰੋਣ ਲੱਗ ਗਏ ਤੇ ਆਪਣੇ ਕੇਸ ਦਿਖਾਏ ਜੋ ਪੁਲਿਸ ਮੁਲਾਜ਼ਮਾਂ ਵੱਲੋਂ ਕੱਟੇ ਗਏ ਸਨ।
ਇਸ ਦੌਰਾਨ ਅਦਾਲਤ ਦੀ ਇਜ਼ਾਜਤ ਨਾਲ ਕੈਦੀ ਰਾਜਵੀਰ ਸਿੰਘ ਦੇ ਸਰੀਰ ’ਤੇ ਢਾਹੇ ਤਸ਼ੱਦਦ ਦੇ ਪਏ ਨਿਸ਼ਾਨ ਦੀਆਂ ਤਸਵੀਰਾਂ ਖਿੱਚੀਆਂ ਹਨ।  ਜ਼ਿਕਰਯੋਗ ਹੈ ਕਿ ਉਕਤ ਮਾਮਲਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਕੇ ਸਾਹਮਣੇ ਲਿਆਂਦਾ ਸੀ। ਟਵੀਟ ਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ