ਚੰਡੀਗੜ੍ਹ: ਕੇਂਦਰ ਵੱਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਛੇ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ। ਕਈ ਗੇੜ੍ਹ ਦੀ ਬੇਸਿੱਟਾ ਮੁਲਾਕਾਤ ਮਗਰੋਂ ਸਰਕਾਰ ਤੇ ਕਿਸਾਨਾਂ ਵਿਚਾਲੇ ਚਾਰ ਮਹੀਨੇ ਤੋਂ ਕੋਈ ਗੱਲਬਾਤ ਨਹੀਂ ਹੋਈ। ਹੁਣ ਸੰਯੁਕਤ ਕਿਸਾਨ ਮੋਰਚਾ ਨੇ ਮੁੜ ਤੋਂ ਗੱਲਬਾਤ ਦਾ ਦੌਰ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ।

ਅੱਜ ਮੁਹਾਲੀ ਪਹੁੰਚੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ "ਸੰਯੁਕਤ ਕਿਸਾਨ ਮੋਰਚੇ ਨੇ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਰਕਾਰ ਨੂੰ ਪੱਤਰ ਲਿਖਿਆ ਹੈ ਤਾਂ ਕਿ ਸਰਕਾਰ ਇਹ ਨਾ ਕਹੇ ਕਿ ਕਿਸਾਨ ਗੱਲਬਾਤ ਲਈ ਤਿਆਰ ਨਹੀਂ।" ਹਾਲਾਂਕਿ ਟਿਕੈਤ ਨੇ ਇਹ ਵੀ ਕਿਹਾ ਕਿ ਮੋਰਚਾ ਆਪਣੀ ਮੰਗ 'ਤੇ ਕਾਇਮ ਹੈ ਤੇ ਕਿਸਾਨ ਤਿੰਨਾਂ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਵਾਉਣਾ ਚਾਹੁੰਦੇ ਹਨ।

ਦੱਸ ਦੇਈਏ ਕਿ ਰਾਕੇਸ਼ ਟਿਕੈਤ ਮੁਹਾਲੀ ਵਿੱਚ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਸੋਗ ਸਮਾਗਮ ਵਿੱਚ ਸ਼ਾਮਲ ਹੋਣ ਪਹੁੰਚੇ ਸੀ। ਅਭੈ ਦੀ ਪਿਛਲੇ ਦਿਨੀਂ ਕੋਰੋਨਾ ਕਾਰਨ ਮੌਤ ਹੋ ਗਈ ਸੀ।

ਟਿਕੈਤ ਨੇ ਕਿਹਾ ਕਿ,"ਅੰਦੋਲਨ ਨੂੰ ਤਾਂ ਅਜੇ ਛੇ ਮਹੀਨੇ ਹੀ ਹੋਏ ਹਨ, ਆਜ਼ਾਦੀ ਦਾ ਅੰਦੋਲਨ 90 ਸਾਲ ਚੱਲਿਆ ਸੀ। ਇਹ ਅੰਦੋਲਨ ਵੀ ਲੰਬਾ ਚੱਲੂ। ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਵਿੱਚ ਜੋ ਭਾਜਪਾ ਦਾ ਬੁਰਾ ਹਾਲ ਹੋਇਆ ਹੈ, ਉਹ ਕਿਸਾਨ ਅੰਦੋਲਨ ਦਾ ਨਤੀਜਾ ਹੀ ਹੈ। ਪੱਛਮੀ ਬੰਗਾਲ ਵਿੱਚ ਵੀ ਜੋ ਬੀਜੇਪੀ ਨਾਲ ਹੋਈ ਹੈ, ਉਹ ਕਿਸਾਨ ਲੀਡਰਾਂ ਦੇ ਭਾਜਪਾ ਖਿਲਾਫ ਪ੍ਰਚਾਰ ਦਾ ਨਤੀਜਾ ਹੈ ਜਿਸ ਕਾਰਨ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।"

ਰਾਕੇਸ਼ ਟਿਕੈਤ ਨੇ ਕਿਹਾ "ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ ਤੇ ਬੈਠੇ ਹੋਏ ਛੇ ਮਹੀਨੇ ਹੋ ਗਏ ਹਨ। ਇਸ ਲਈ 26 ਮਈ ਨੂੰ ਕਿਸਾਨ ਕਾਲਾ ਦਿਵਸ ਦੇ ਰੂਪ ਵਿੱਚ ਮਨਾਉਣਗੇ।" ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਖਿਲਾਫ ਦਿੱਲੀ ਦੀਆਂ ਹੱਦਾਂ ਤੇ ਬੈਠੇ ਕਿਸਾਨ ਕੋਰੋਨਾ ਟੀਕਾ ਲਵਾਉਣ ਲਈ ਤਿਆਰ ਹਨ ਪਰ ਕੋਈ ਵੀ ਟੀਕਾ ਲਾਉਣ ਨਹੀਂ ਆ ਰਿਹਾ। ਪਿਛਲੇ 1 ਮਹੀਨੇ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਟਿਕੈਤ ਨੇ 26 ਜਨਵਰੀ ਨੂੰ ਹੋਈ ਟਰੈਕਟਰ ਪਰੇਡ ਦੀ ਤਰਜ ਤੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦਿੰਦੇ ਹੋਏ ਕਿਹਾ "ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ 26 ਤਾਰੀਖ ਹਰ ਮਹੀਨੇ ਆਉਂਦੀ ਹੈਅਤੇ ਟਰੈਕਟਰ ਵੀ ਉਹੀ ਹਨ।"


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ