ਸਿਰਸਾ: ਸਾਧਵੀ ਰੇਪ ਕੇਸ 'ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ ਪਰਿਵਾਰ 61 ਦਿਨ ਬਾਅਦ ਫਿਰ ਤੋਂ ਡੇਰਾ ਕੈਂਪਸ 'ਚ ਪਰਤ ਆਇਆ ਹੈ। 25 ਅਗਸਤ ਨੂੰ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪਰਿਵਾਰ ਨੇ ਡੇਰਾ ਛੱਡ ਦਿੱਤਾ ਸੀ। ਇਹ ਸਾਰੇ ਰਾਜਸਥਾਨ ਦੇ ਗੁਰੂਸਰ ਮੋਡੀਆ ਦੇ ਡੇਰੇ 'ਚ ਰਹਿਣ ਚਲੇ ਗਏ ਸੀ। ਸੂਤਰਾਂ ਦੀ ਮੰਨੀਏ ਤਾਂ 26 ਅਕਤੂਬਰ ਨੂੰ ਪਰਿਵਾਰ ਡੇਰੇ ਵਾਪਸ ਆ ਗਿਆ ਹੈ। ਪਰਿਵਾਰ ਦਾ ਕੋਈ ਵੀ ਮੈਂਬਰ ਮੀਡੀਆ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦਾ। ਡੇਰੇ 'ਚ ਵੀ ਕਿਸੇ ਮੀਡੀਆ ਨੂੰ ਜਾਣ ਦੀ ਇਜਾਜ਼ਤ ਨਹੀਂ।

ਡੇਰਾ ਸੂਤਰਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਦੇ ਮੁੰਡੇ ਜਸਮੀਤ ਇੰਸਾ ਨੇ ਡੇਰੇ ਦੀ ਵਾਗਡੋਰ ਸੰਭਾਲਣੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਡੇਰੇ 'ਚ ਸਾਧ-ਸੰਗਤ ਕਰਾਉਣ ਦੀ ਵੀ ਪਲਾਨਿੰਗ ਕੀਤੀ ਸੀ ਪਰ ਉਹ ਪਰਵਾਨ ਨਹੀਂ ਚੜ੍ਹੀ। ਖੁਫੀਆ ਰਿਪੋਰਟ ਪ੍ਰਸ਼ਾਸਨ ਕੋਲ ਪੁੱਜਣ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ। ਉੱਥੇ ਹਨੀਪ੍ਰੀਤ ਤੇ ਡੇਰੇ ਦੀ ਮੀਟਿੰਗ 'ਚ ਰਚੀ ਗਈ ਪੰਚਕੂਲਾ ਹਿੰਸਾ ਦੀ ਸਾਜ਼ਿਸ਼ ਦੇ ਸਵਾਲਾਂ ਦੇ ਚੱਕਰ 'ਚ ਡੇਰਾ ਚੇਅਰਪਰਸਨ ਵਿਪਾਸਨਾ ਪੰਚਕੂਲਾ ਪੁਲਿਸ ਦੇ ਜਾਲ 'ਚ ਉਲਝ ਗਈ ਹੈ। ਵਾਰ-ਵਾਰ ਵਿਪਾਸਨਾ ਨੂੰ ਪੁੱਛਗਿਛ ਲਈ ਤਲਬ ਕੀਤਾ ਜਾ ਰਿਹਾ ਹੈ।

ਅੰਬਾਲਾ ਸੈਂਟਰਲ ਜੇਲ੍ਹ 'ਚ ਬੰਦ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਾਹੀ ਪਰਿਵਾਰ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਜਸਮੀਤ ਆਪਣੀ ਦਾਦੀ ਨਸੀਬ ਕੌਰ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਪਿਤਾ ਰਾਮ ਰਹੀਮ ਨੂੰ ਮਿਲਣ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉੱਥੇ ਹੀ ਬਾਬੇ ਨੇ ਜਸਮੀਤ ਨੂੰ ਡੇਰਾ ਚਲਾਉਣ ਲਈ ਆਖਿਆ ਸੀ। ਜੇਲ੍ਹ ਦੀ ਮੁਲਾਕਾਤ ਤੋਂ ਬਾਅਦ ਜਸਮੀਤ ਆਪਣੇ ਪਰਿਵਾਰ ਨਾਲ ਡੇਰਾ ਆ ਗਿਆ।