ਬਠਿੰਡਾ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਆਪ ਨੂੰ ਤਣਾਅ-ਮੁਕਤ ਕਰਨ ਲਈ ਗਊ ਦੀ ਸੇਵਾ ਕਰਦੇ ਹਨ। ਜਦੋਂ ਵੀ ਕਿਸੇ ਮਾਮਲੇ ਨੂੰ ਲੈ ਕੇ ਉਨ੍ਹਾਂ ਨੂੰ ਫਿਕਰ ਹੁੰਦਾ ਹੈ ਤਾਂ ਉਹ ਗਊ ਸੇਵਾ 'ਚ ਜੁੱਟ ਜਾਂਦੇ ਹਨ। ਉਨ੍ਹਾਂ ਇਹ ਖ਼ੁਲਾਸਾ ਬਠਿੰਡਾ ਦੇ ਸਿਰਕੀ ਬਾਜ਼ਾਰ ਵਿਚਲੀ ਗਊਸ਼ਾਲਾ ਵਿੱਚ ਗਊ ਪੂਜਣ ਦੇ ਸਮਾਗਮ ਮਗਰੋਂ ਕੀਤਾ ਹੈ।
ਮਨਪ੍ਰੀਤ ਬਾਦਲ ਨੇ ਆਖਿਆ,''ਮੈਨੂੰ ਬੜੀ ਅਕੀਦਤ ਹੈ ਇਸ ਸਥਾਨ ਨਾਲ। ਵਕਫ਼ੇ-ਵਕਫ਼ੇ 'ਤੇ ਜਦੋਂ ਮੈਨੂੰ ਤਣਾਅ ਹੁੰਦਾ ਹੈ, ਕਿਸੇ ਗੱਲ ਦਾ ਫਿਕਰ ਹੁੰਦਾ ਹੈ ਤਾਂ ਮੈਂ ਹਮੇਸ਼ਾ ਗਊ ਮਾਤਾ ਦੀ ਸੇਵਾ ਕਰਨ ਜਾਂਦਾ ਹਾਂ।'' ਖ਼ਜ਼ਾਨਾ ਮੰਤਰੀ ਨੇ ਅੱਜ ਗਊ ਪੂਜਣ ਮੌਕੇ ਸਭ ਰਸਮਾਂ ਵੀ ਨਿਭਾਈਆਂ ਅਤੇ ਗਊਸ਼ਾਲਾ ਵਿੱਚ ਗਊਆਂ ਨੂੰ ਗੁੜ-ਸ਼ੱਕਰ ਆਦਿ ਵੀ ਪਾਇਆ। ਉਨ੍ਹਾਂ ਬਠਿੰਡਾ ਸ਼ਹਿਰ ਵਿੱਚ ਕਈ ਹੋਰ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੇ ਦਫ਼ਤਰ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।
ਜ਼ਿਕਰਯੋਗ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਵਿੱਚ ਹਿੰਦੂ ਆਬਾਦੀ ਕਾਫੀ ਗਿਣਤੀ ਵਿੱਚ ਹੈ। ਖ਼ਜ਼ਾਨਾ ਮੰਤਰੀ ਨੇ ਆਖਿਆ ਕਿ ਸੂਬੇ ਵਿੱਚ ਅਗਲੇ ਵਰ੍ਹੇ ਤੋਂ ਸ਼ਰਾਬ ਦੇ ਰੇਟ ਘਟਾਏ ਜਾਣਗੇ ਅਤੇ ਤਸਕਰੀ ਰੋਕਣ ਲਈ ਨਵੀਂ ਆਬਕਾਰੀ ਨੀਤੀ ਤਹਿਤ ਅਜਿਹੇ ਕਦਮ ਚੁੱਕੇ ਜਾਣਗੇ। ਪੰਜਾਬ ਵਿੱਚ ਹਰਿਆਣਾ ਨਾਲੋਂ ਸ਼ਰਾਬ ਦੇ ਰੇਟ ਜ਼ਿਆਦਾ ਹਨ ਅਤੇ ਪੰਜਾਬ ਨੂੰ ਸਭ ਤੋਂ ਜ਼ਿਆਦਾ ਮਾਲੀਆ ਆਬਕਾਰੀ ਤੋਂ ਆਉਂਦਾ ਹੈ। ਉਨ੍ਹਾਂ ਆਖਿਆ ਕਿ ਦੂਸਰੇ ਸੂਬਿਆਂ ਨਾਲ ਲਗਦੀ ਸੀਮਾ ਦਾ ੩੦ ਕਿਲੋਮੀਟਰ ਦਾ ਘੇਰਾ ਤਸਕਰੀ ਦੀ ਮਾਰ ਹੇਠ ਆ ਚੁੱਕਾ ਹੈ ਜਿਸ ਦਾ ਮਤਲਬ ਹੈ ਕਿ ਅੱਧਾ ਪੰਜਾਬ ਸ਼ਰਾਬ ਤਸਕਰੀ ਦੀ ਮਾਰ ਝੱਲ ਰਿਹਾ ਹੈ।