ਚੰਡੀਗੜ੍ਹ: ਅੰਗ੍ਰੇਜ਼ੀ ਦੇ ਕਿਸੇ ਮੁਸ਼ਕਿਲ ਸ਼ਬਦਾਂ ਦੇ ਅਰਥ ਭਾਲਣ ਲਈ ਔਕਸਫ਼ੋਰਡ ਦੇ ਸ਼ਬਦਕੋਸ਼ ਨੂੰ ਇਸ ਕਰ ਕੇ ਨਾ ਲਾਂਭੇ ਕਰ ਦੇਣਾ ਕਿ ਉਸ ਵਿੱਚ ਤੁਹਾਨੂੰ ਅੱਛਾ, ਢਾਬਾ, ਦੀਦੀ, ਯਾਰ ਵਰਗੇ ਸ਼ਬਦਾਂ ਨੂੰ ਇੰਨ-ਬਿੰਨ ਲਿਖਿਆ ਦਿਖਾਈ ਦੇਵੇ। ਜੀ ਹਾਂ, ਔਕਸਫ਼ੋਰਡ ਨੇ ਆਪਣੇ ਅੰਗ੍ਰੇਜ਼ੀ ਦੇ ਸ਼ਬਦਕੋਸ਼ ਵਿੱਚ ਪੰਜਾਬੀ, ਉਰਦੂ, ਹਿੰਦੀ, ਤਮਿਲ, ਤੇਲਗੂ ਤੇ ਗੁਜਰਾਤੀ ਭਾਸ਼ਾਵਾਂ ਦੇ ਕੁੱਲ 70 ਸ਼ਬਦਾਂ ਨੂੰ ਸ਼ਾਮਲ ਕਰ ਲਿਆ ਹੈ।

ਇਸ ਵਾਰ ਕੀਤੇ ਵਾਧੇ ਤੋਂ ਬਾਅਦ ਹੁਣ ਭਾਰਤੀ ਭਾਸ਼ਾਵਾਂ ਦੇ ਉਨ੍ਹਾਂ ਸ਼ਬਦਾਂ ਦੀ ਗਿਣਤੀ 900 ਤੋਂ ਪਾਰ ਕਰ ਗਈ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਅਸਲ ਰੂਪ ਵਿੱਚ ਹੀ ਔਕਸਫ਼ੋਰਡ ਦੇ ਅੰਗ੍ਰੇਜ਼ੀ ਸ਼ਬਦਕੋਸ਼ ਵਿੱਚ ਸ਼ਾਮਲ ਕੀਤਾ ਗਿਆ ਹੋਵੇ।

ਆਨਾ, 1 ਰੁਪਏ ਦਾ ਸੋਲ੍ਹਵਾਂ ਹਿੱਸਾ, ਤਾਂ ਪਹਿਲਾਂ ਹੀ ਔਕਸਫ਼ੋਰਡ ਸ਼ਬਦਕੋਸ਼ ਦਾ ਹਿੱਸਾ ਸੀ, ਪਰ ਇਸ ਵਾਰ ਤੇਲਗੂ ਭਾਸ਼ਾ ਦੇ ਸ਼ਬਦ ਅੰਨਾ, ਜਿਸ ਦਾ ਮਤਲਬ ਵੱਡਾ ਭਰਾ, ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਦੋਵਾਂ ਸ਼ਬਦਾਂ ਦਾ ਅੰਗ੍ਰੇਜ਼ੀ ਵਿੱਚ ਸ਼ਬਦ ਬਣਤਰ ਵੀ ਇੱਕੋ ਜਿਹੀ ਹੈ।

ਇਸ ਤੋਂ ਇਲਾਵਾ ਉਰਦੂ ਭਾਸ਼ਾ ਦੇ ਸ਼ਬਦ ਅੱਬਾ, ਮਤਲਬ ਪਿਤਾ, ਨੂੰ ਵੀ ਸ਼ਬਦਕੋਸ਼ ਵਿੱਚ ਸਥਾਨ ਦਿੱਤਾ ਗਿਆ ਹੈ। ਸ਼ਬਦਕੋਸ਼ ਮਾਹਰਾਂ ਮੁਤਾਬਕ ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦ ਕਜ਼ਨ, ਅੰਕਲ ਆਦਿ ਦੇ ਸ਼ਬਦੀ ਪਾੜੇ ਨੂੰ ਅੱਬਾ, ਦੀਦੀ, ਮਾਤਾ, ਅੰਨਾ ਆਦਿ ਸ਼ਬਦਾਂ ਨਾਲ ਪੂਰਿਆ ਜਾ ਰਿਹਾ ਹੈ। ਕਈ ਤਰ੍ਹਾਂ ਦੇ ਭਾਵ ਵਿਅਕਤ ਕਰਨ ਵਾਲੇ ਸ਼ਬਦ 'ਅੱਛਾ' ਨੂੰ ਵੀ ਔਕਸਫ਼ੋਰਡ ਨੇ ਆਪਣੇ ਸ਼ਬਦਕੋਸ਼ ਵਿੱਚ ਸ਼ਾਮਲ ਕਰ ਲਿਆ ਹੈ।

ਔਕਫ਼ੋਰਡ ਅੰਗ੍ਰੇਜ਼ੀ ਸ਼ਬਦਕੋਸ਼ ਵਿੱਚ ਇਸ ਵਾਰ ਸ਼ਾਮਲ ਹੋਏ ਪ੍ਰਮੁੱਖ ਸ਼ਬਦ ਹਨ- ਬਦਮਾਸ਼, ਭੇਲਪੁਰੀ, ਗਾਂਜਾ (ਨਸ਼ਾ), ਘੀ, ਕੀਮਾ, ਮਸਾਲਾ, ਪਾਪੜ, ਪੂਰੀ (ਖਾਣਯੋਗ ਪਦਾਰਥ), ਗੁਲਾਬ ਜਾਮਣ, ਸੂਰਿਆ ਨਮਸਕਾਰ ਆਦਿ।