ਨਵੀਂ ਦਿੱਲੀ: ਹੁਣ ਏਅਰਪੋਰਟ ਵਿੱਚ ਦਾਖ਼ਲ ਹੋਣ ਲਈ ਮੋਬਾਈਲ ਆਧਾਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮਾਪਿਆਂ ਨਾਲ ਸਫਰ ਕਰਨ ਵਾਲੇ ਛੋਟੇ ਬੱਚਿਆਂ ਨੂੰ ਕਿਸੇ ਪਛਾਣ ਪੱਤਰ ਦੀ ਲੋੜ ਨਹੀਂ ਹੋਵੇਗੀ। ਇਹ ਐਲਾਨ ਜਨਤਕ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀ.ਸੀ.ਏ.ਐੱਸ.) ਨੇ ਕੀਤਾ ਹੈ।

ਬਿਊਰੋ ਮੁਤਾਬਕ ਏਅਰਪੋਰਟ ਵਿੱਚ ਦਾਖ਼ਲ ਹੋਣ ਲਈ ਹਵਾਈ ਟਿਕਟ ਦੇ ਨਾਲ-ਨਾਲ ਇੱਕ ਪਛਾਣ ਪੱਤਰ ਹੋਣਾ ਜ਼ਰੂਰੀ ਹੈ ਤਾਂ ਜੋ ਮੁਸਾਫਰ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਜਾ ਸਕੇ। ਇਹ ਪਛਾਣ ਪੱਤਰ ਪਾਸਪੋਰਟ, ਵੋਟਰ ਸ਼ਨਾਖ਼ਤੀ ਕਾਰਡ, ਆਧਾਰ ਕਾਰਡ ਜਾਂ ਐੱਮ-ਆਧਾਰ, ਪੈਨ ਕਾਰਡ, ਡ੍ਰਾਈਵਿੰਗ ਲਾਈਸੰਸ ਵਿੱਚੋਂ ਕੋਈ ਵੀ ਹੋ ਸਕਦਾ ਹੈ।

ਇਸ ਤੋਂ ਇਲਾਵਾ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ ਆਪਣਾ ਫ਼ੋਟੋ ਸਮੇਤ ਵਿੱਦਿਅਕ ਪਛਾਣ ਪੱਤਰ ਵਿਖਾ ਸਕਦੇ ਹਨ। ਬਿਊਰੋ ਮੁਤਾਬਕ ਉਨ੍ਹਾਂ ਬੱਚਿਆਂ ਨੂੰ ਸ਼ਨਾਖ਼ਤ ਕਰਵਾਉਣ ਤੋਂ ਛੋਟ ਹੈ ਜੋ ਆਪਣੇ ਮਾਪਿਆਂ ਨਾਲ ਹੋਣ।