ਰੋਹਤਕ: ਇਸ ਵੇਲੇ ਕੈਦੀ ਨੰਬਰ 1997 ਜੇਲ੍ਹ ਦੀਆਂ ਕੰਧਾਂ 'ਚ ਟੱਕਰਾਂ ਮਾਰ ਰਿਹਾ ਹੈ। ਉਸ ਨੂੰ ਚਾਹ ਦੀ ਤਲਬ ਲੱਗਦੀ ਹੈ ਪਰ ਉਸ ਦੀ ਇੱਛਾ ਪੂਰੀ ਨਹੀਂ ਹੁੰਦੀ। ਉਸ ਨੂੰ ਮਨਭਾਉਂਦਾ ਭੋਜਨਾ ਨਹੀਂ ਮਿਲਦਾ ਤੇ ਆਮ ਕੈਦੀਆਂ ਵਾਂਗ ਦਾਲ ਰੋਟੀ ਨਾਲ ਗੁਜ਼ਾਰਾ ਕਰਨ ਪੈ ਰਿਹਾ ਹੈ ਕਿਉਂਕਿ ਹੁਣ ਉਹ ਆਪੇ ਸਿਰਜੀ ਸਲਤਨਤ ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਨਹੀਂ ਬਲਕਿ ਕੈਦੀ ਨੰਬਰ 1997 ਹੈ। ਅਜੀਬ ਗੱਲ਼ ਹੈ ਕਿ ਕੁਝ ਦਿਨ ਪਹਿਲਾਂ ਉਹ 'ਰੱਬ' ਸੀ ਤੇ ਲੱਖਾਂ ਲੋਕਾਂ ਦੀਆਂ ਮੁਸੀਬਤਾਂ ਦੂਰ ਕਰ ਰਿਹਾ ਸੀ ਪਰ ਅੱਖ ਝਪਕਦੇ ਹੀ ਉਹ ਅਜਿਹੀ ਮੁਸੀਬਤ ਵਿੱਚ ਫਸਿਆ ਕਿ ਹੁਣ ਉਸ ਨੂੰ ਆਪਣੀਆਂ ਮੁਸ਼ਕਲਾਂ ਦਾ ਹੀ ਹੱਲ ਨਹੀਂ ਲੱਭ ਰਿਹਾ। ਉਸ ਨੂੰ ਰਾਤ ਭਰ ਨੀਂਦ ਨਹੀਂ ਆਉਂਦੀ ਤੇ 24 ਘੰਟੇ ਸੋਚਦਾ ਰਹਿੰਦਾ ਹੈ ਕਿ ਆਖਰ ਇਹ ਹੋ ਕੀ ਗਿਆ? ਰਾਮ ਰਹੀਮ ਹੁਣ ਤੱਕ ਆਪਣੇ ਸਿਆਸੀ ਖ਼ੈਰ ਖਵਾਹਾਂ ਦੀ ਕ੍ਰਿਪਾ ਨਾਲ ਹੀ ਬਚਦਾ ਆ ਰਿਹਾ ਸੀ। ਇਸ ਵਾਰ ਵੀ ਉਸ ਨੂੰ ਉਮੀਦ ਸੀ ਕਿ ਉਸ ਦੇ ਸਿਆਸੀ ਖੈਰ ਖਵਾਹ ਉਸ ਦਾ ਵਾਲ ਵਿੰਗਾ ਨਹੀਂ ਹੋਣ ਦੇਣਗੇ। ਹਰਿਆਣ ਤੇ ਕੇਂਦਰ ਵਿਚਲੀ ਬੀਜੇਪੀ ਸਰਕਾਰ ਨੂੰ ਰਾਮ ਰਹੀਮ ਨੇ ਵੀ ਮੋਢਾ ਲਿਆ ਸੀ। ਪੰਜਾਬ ਵਿੱਚ ਅਕਾਲੀ ਦਲ ਵੀ ਰਾਮ ਰਹੀਮ ਦੇ ਸ਼ੁਭ ਚਿੰਤਕ ਹੈ। ਇਸ ਲਈ ਰਾਮ ਰਹੀਮ ਨੂੰ ਇਹ ਛੋਟੀ ਜਿਹੀ ਖੇਡ ਹੀ ਲੱਗਦੀ ਸੀ ਜਿਸ ਦਾ ਨਤੀਜਾ ਉਸ ਨੇ ਆਪ ਹੀ ਐਲਾਨਣਾ ਸੀ। ਸ਼ਾਇਦ ਰਾਮ ਰਹੀਮ ਨੂੰ ਇਸ ਗੱਲ਼ ਦਾ ਨਹੀਂ ਪਤਾ ਸੀ ਕਿ ਸਿਆਸੀ ਪਾਰਟੀਆਂ ਨਾਲ ਯਾਰੀ ਵੀ ਵੇਸ਼ਵਾਵਾਂ ਨਾਲ ਯਾਰੀ ਵਰਗੀ ਹੈ। ਉਹ ਆਪਣੇ ਆਪ ਨੂੰ ਕਦੇ ਵੀ ਸੰਕਟ ਵਿੱਚ ਨਹੀਂ ਪਾਉਣਗੇ। ਅਜਿਹਾ ਹੀ ਹੋਇਆ ਜਦੋਂ ਹਾਈਕੋਰਟ ਨੇ ਸਖਤੀ ਵਰਤਣੀ ਸ਼ੁਰੂ ਕੀਤੀ ਤਾਂ ਸਿਆਸੀ ਲੀਡਰਾਂ ਨੇ ਮੌਨ ਧਾਰ ਲਿਆ। ਰਾਮ ਰਹੀਮ ਦੀਆਂ ਸਾਰੀਆਂ ਸਕੀਮਾਂ ਧਰੀਆਂ-ਧਰਾਈਆਂ ਰਹਿ ਗਈਆਂ। ਉਸ ਦਾ ਗੁੰਡਾ ਕਮਾਂਡੋ ਦਲ ਵੀ ਆਪਣੇ ਜਾਲ ਵਿੱਚ ਖੁਦ ਹੀ ਫਸ ਗਿਆ ਤੇ ਅੱਜ ਰਾਮ ਰਹੀਮ ਬਾਬੇ ਤੋਂ ਕੈਦੀ ਨੰਬਰ 1997 ਬਣ ਗਿਆ।