ਰੋਹਤਕ: ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਇੱਕ ਵਾਰ ਮੁੜ ਤੋਂ ਜੇਲ੍ਹ ਵਿੱਚ ਵੀ.ਆਈ.ਪੀ. ਸੁਵਿਧਾਵਾਂ ਦਿੱਤੇ ਜਾਣ ਦੇ ਇਲਜ਼ਾਮ ਲੱਗੇ ਹਨ। ਬੀਤੇ ਸ਼ੁੱਕਰਵਾਰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕਤਲ ਕੇਸ ਵਿੱਚੋਂ ਰੋਹਤਕ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਆਏ ਕਦੀ ਰਾਹੁਲ ਜੈਨ ਨੇ ਬਲਾਤਕਾਰੀ ਬਾਬਾ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਹੋਰਨਾਂ ਕੈਦੀਆਂ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਖੁਲਾਸਾ ਕੀਤਾ ਹੈ।
ਜੈਨ ਨੇ ਦੱਸਿਆ ਕਿ ਉਹ ਬੀਤੀ 22 ਜੂਨ ਤੋਂ ਹੀ ਜੇਲ੍ਹ ਵਿੱਚ ਬੰਦ ਸੀ ਅਤੇ ਜਦੋਂ ਤੋਂ ਗੁਰਮੀਤ ਰਾਮ ਰਹੀਮ ਜੇਲ੍ਹ ਵਿੱਚ ਆਇਆ ਹੈ, ਆਮ ਕੈਦੀਆਂ ਨਾਲ ਵਿਤਕਰਾ ਹੋ ਰਿਹਾ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਜਿੱਥੇ ਹੋਰ ਕੈਦੀ ਰੋਜ਼ਾਨਾ ਜੇਲ੍ਹ ਵੱਲੋਂ ਦਿੱਤਾ ਕੰਮ ਕਰਦੇ ਹਨ, ਉੱਥੇ ਰਾਮ ਰਹੀਮ ਜੇਲ੍ਹ ਵਿੱਚ ਕੋਈ ਕੰਮ ਕਰਦਾ ਹੈ। ਹਾਲਾਂਕਿ, ਜੇਲ੍ਹ ਪ੍ਰਸ਼ਾਸਨ ਮੁਤਾਬਕ ਰਾਮ ਰਹੀਮ ਨੂੰ ਕੰਮ ਬਦਲੇ 20 ਤੋਂ 40 ਰੁਪਏ ਦਾ ਮਿਹਨਤਾਨਾ ਦਿੱਤਾ ਜਾਂਦਾ ਹੈ।
ਕੈਦੀ ਰਾਹੁਲ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਰਾਮ ਰਹੀਮ ਲਈ ਵਿਸ਼ੇਸ਼ ਗੱਡੀ ਰਾਹੀਂ ਖਾਣਾ ਲੈ ਕੇ ਆਉਂਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਮੁੱਦਾ ਉੱਠਿਆ ਹੈ ਕਿ ਰਾਮ ਰਹੀਮ ਜੇਲ੍ਹ ਦਾ ਖਾਣਾ ਨਹੀਂ ਖਾਂਦਾ ਹੈ।
ਜੈਨ ਮੁਤਾਬਕ ਰਾਮ ਰਹੀਮ ਕਾਰਨ ਹੋਰਨਾਂ ਕੈਦੀਆਂ 'ਤੇ ਹੱਦੋਂ ਵੱਧ ਸਖ਼ਤੀ ਕਰ ਦਿੱਤੀ ਗਈ ਹੈ। ਕੈਦੀਆਂ ਨੂੰ ਬਲਾਤਕਾਰੀ ਬਾਬਾ ਕਾਰਨ ਹੀ ਟੈਂਕੀ ਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਸ ਨੇ ਦੱਸਿਆ ਕਿ ਰਾਮ ਰਹੀਮ ਆਪਣੇ ਪਰਿਵਾਰ ਨੂੰ 2-2 ਘੰਟੇ ਤਕ ਮਿਲ ਸਕਦਾ ਹੈ ਜਦਕਿ ਹੋਰਨਾਂ ਕੈਦੀਆਂ ਨੂੰ ਮੁਸ਼ਕਲ ਨਾਲ 20 ਮਿੰਟ ਦਿੱਤੇ ਜਾਂਦੇ ਹਨ।
ਕੈਦੀ ਨੇ ਇਹ ਵੀ ਦੱਸਿਆ ਕਿ ਜੇਲ੍ਹ ਵਿੱਚ ਜੋ ਵੀ ਅਖ਼ਬਾਰ ਆਉਂਦੇ ਹਨ, ਉਨ੍ਹਾਂ ਵਿੱਚੋਂ ਰਾਮ ਰਹੀਮ ਬਾਰੇ ਜੇਲ੍ਹ ਵਿਰੁੱਧ ਛਪੀਆਂ ਖ਼ਬਰਾਂ ਨੂੰ ਪਾੜ ਦਿੱਤਾ ਜਾਂਦਾ ਹੈ ਤਾਂ ਜੋ ਹੋਰ ਕੈਦੀ ਜੇਲ੍ਹ ਵਿਰੁੱਧ ਖ਼ਬਰ ਨਾ ਪੜ੍ਹਨ।