ਆਖਰ ਖੇਡ ਮੰਤਰੀ ਤੱਕ ਪਹੁੰਚ ਹੀ ਗਈ ਰਮਨਦੀਪ, ਮਿਲਿਆ ਨੌਕਰੀ ਦਾ ਭਰੋਸਾ
ਏਬੀਪੀ ਸਾਂਝਾ | 15 Aug 2018 06:11 PM (IST)
ਜਲੰਧਰ: 15 ਅਗਸਤ ਦੇ ਸਮਾਗਮ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਝੰਡਾ ਫਹਿਰਾਇਆ। ਮੁੱਖ ਮਹਿਮਾਨ ਝੰਡਾ ਫਹਿਰਾ ਕੇ ਆਪਣੀ ਸੀਟ 'ਤੇ ਬੈਠੇ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ। ਇਸ ਦੌਰਾਨ ਜਲੰਧਰ ਦੀ ਵੇਟ ਲਿਫਟਰ ਰਮਨਦੀਪ ਕੌਰ ਆਪਣੇ ਮੈਡਲ ਲੈ ਕੇ ਖੇਡ ਮੰਤਰੀ ਨੂੰ ਮਿਲਣ ਪਹੁੰਚੀ ਪਰ ਉਸ ਨੂੰ ਪੁਲਿਸ ਨੇ ਰੋਕ ਦਿੱਤਾ। ਉਹ ਕਿਸੇ ਤਰ੍ਹਾਂ ਮੀਡੀਆ ਗੈਲਰੀ ਵਿੱਚ ਪਹੁੰਚ ਗਈ। ਮੀਡੀਆ ਨੇ ਜਦੋਂ ਉਸ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ ਜਲੰਧਰ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਮੰਤਰੀ ਨੂੰ ਪੁੱਛ ਕੇ ਤੁਰੰਤ ਉਸ ਨੂੰ ਸਟੇਜ 'ਤੇ ਲੈ ਗਏ ਤੇ ਮੰਤਰੀ ਨਾਲ ਮੁਲਾਕਾਤ ਕਰਵਾਈ। ਖੇਡ ਮੰਤਰੀ ਨੇ ਰਮਨਦੀਪ ਨੂੰ ਨੌਕਰੀ ਦਾ ਭਰੋਸਾ ਵੀ ਦਿੱਤਾ। ਰਮਨਦੀਪ ਕੌਰ ਨੇ ਦੱਸਿਆ, "ਖੇਡ ਮੰਤਰੀ ਨੂੰ ਮੈਂ ਕਿਹਾ ਕਿ ਮੈਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਮੈਂ ਆਪਣਾ ਪਰਿਵਾਰ ਚਲਾ ਸਕਾਂ ਤੇ ਖੇਡ ਵੀ ਜਾਰੀ ਰੱਖ ਸਕਾਂ। ਮੰਤਰੀ ਨੇ ਪੁੱਛਿਆ ਕਿ ਪਹਿਲਾਂ ਫਾਈਲ ਕਿਸੇ ਨੂੰ ਦਿੱਤੀ ਹੈ। ਮੈਂ ਹਰ ਥਾਂ ਫਾਈਲ ਦੇ ਚੁੱਕੀ ਹਾਂ। ਮੈਨੂੰ ਉਨ੍ਹਾਂ ਨੌਕਰੀ ਦਾ ਭਰੋਸਾ ਦਿੱਤਾ ਹੈ।" ਰਮਨਦੀਪ ਨੇ ਦੱਸਿਆ, "ਬੜਾ ਮੁਸ਼ਕਲ ਸੀ ਖੇਡ ਮੰਤਰੀ ਤੱਕ ਪਹੁੰਚਣਆ, ਪਰ ਕਿਸੇ ਤਰ੍ਹਾਂ ਮੈਂ ਪਹੁੰਚ ਗਈ। ਦੇਸ਼ ਵਾਸਤੇ ਗੋਲਡ ਮੈਡਲ ਜਿੱਤਣ ਲਈ ਮੈਂ ਆਪਣੇ ਗਹਿਣੇ ਗਿਰਵੀ ਰੱਖ ਦਿੱਤੇ ਹਨ। ਹਰ ਮਹੀਨੇ ਦੋ ਹਜ਼ਾਰ ਵਿਆਜ ਦਿੰਦੀ ਹਾਂ। ਮੈਨੂੰ ਸਰਕਾਰ ਤੋਂ ਨੌਕਰੀ ਦੀ ਆਸ ਹੈ।"