ਚੰਡੀਗੜ੍ਹ: ਹਿਮਾਚਲ ਵਿੱਚ ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਨੂੰ 1919 ਵੋਟਾਂ ਨਾਲ ਹਰਾਉਣ ਵਾਲੇ ਰਾਜਿੰਦਰ ਰਾਣਾ ਨੇ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਜਿੱਤ ਦਾ ਸਿਹਰਾ ਸੁਜਾਨਪੁਰ ਦੀ ਜਨਤਾ ਨੂੰ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਹਿਮਾਚਲ ਵਿੱਚ ਜਿੱਤਣ ਤੋਂ ਬਾਅਦ ਵੀ ਖੁਸ਼ ਨਹੀਂ। ਰਾਣਾ ਨੇ ਧੂਮਲ ਦੀ ਕਾਬਲੀਅਤ 'ਤੇ ਸ਼ੱਕ ਕਰਦੇ ਕਿਹਾ ਕਿ ਉਹ ਖੁਦ ਮੁੱਖ ਮੰਤਰੀ ਬਣਨ ਦੇ ਲਾਇਕ ਹੀ ਨਹੀਂ।

2012 ਵਿੱਚ ਰਾਜਿੰਦਰ ਰਾਣਾ ਨੇ ਆਜ਼ਾਦ ਵਿਧਾਇਕ ਵਜੋਂ ਚੋਣ ਜਿੱਤੀ ਸੀ। ਇਸ ਵਾਰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਸੀ। ਰਾਜਿੰਦਰ ਰਾਣਾ ਨੇ ਆਪਣੀ ਜਿੱਤ ਦਾ ਸਿਹਰਾ ਸੁਜਾਨਪੁਰ ਦੀ ਜਨਤਾ ਨੂੰ ਦਿੰਦਿਆਂ, ਕਾਂਗਰਸ ਹਾਈ ਕਮਾਂਡ ਤੇ ਹਿਮਾਚਲ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ।

ਰਾਣਾ ਨੇ ਇਹ ਵੀ ਕਿਹਾ ਕਿ ਜੇਕਰ ਭਾਜਪਾ ਧੂਮਲ ਨੂੰ ਹਾਰਨ ਦੇ ਬਾਵਜੂਦ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਇਹ ਲੋਕਤੰਤਰ ਦੀ ਹੱਤਿਆ ਹੋਵੇਗੀ। ਆਪਣੀ ਜਿੱਤ ਦੇ ਕਾਰਨ ਦੀ ਗੱਲ ਕਰਦੇ ਰਾਣਾ ਨੇ ਕਿਹਾ ਕਿ ਉਨ੍ਹਾਂ ਪੰਜ ਸਾਲ ਸੁਜਾਨਪੁਰ ਦੇ ਲੋਕਾਂ ਦੀ ਸੇਵਾ ਕੀਤੀ ਹੈ, ਜਿਸ ਕਰਕੇ ਲੋਕਾਂ ਉਸ ਦਾ ਵੋਟਾਂ ਨਾਲ ਮਾਣ ਕੀਤਾ ਹੈ।

ਉਨ੍ਹਾਂ ਕਿਹਾ, "ਪ੍ਰੇਮ ਕੁਮਾਰ ਧੂਮਲ ਮੇਰਾ ਸਿਆਸੀ ਗੁਰੂ ਹੈ, ਉਸ ਨੇ ਮੈਨੂੰ ਸਿਆਸਤ ਵਿੱਚ ਪੈਰ ਧਰਨਾ ਸਿਖਾਇਆ ਤੇ ਮੈਂ ਉਸ ਦੀ ਬਹੁਤ ਇੱਜ਼ਤ ਕਰਦਾ ਹਾਂ।" ਜਦੋਂ ਮੈਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਧੂਮਲ ਦਾ ਸਾਥ ਛੱਡ ਦਿੱਤਾ।"