ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਆਵਾਜ਼ ਚੁੱਕਣ ਵਾਲੇ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ. ਰਤਨ ਸਿੰਘ ਅਜਨਾਲਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬ੍ਰਹਮਪੁਰਾ ਨੇ ਕਿਹਾ ਹੈ ਕਿ ਕੋਰ ਕਮੇਟੀ ਤੇ ਪਾਰਟੀ ਦੀਆਂ ਅਹੁਦੇਦਾਰੀਆਂ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੀ ਉਹ ਭਾਂਪ ਸਨ ਕਿ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਜਾਵੇਗਾ। ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਬਾਗ਼ੀਆਂ ਨੂੰ ਕੱਢੇ ਜਾਣ ਸਬੰਧੀ ਪਾਸ ਹੋਏ ਮਤੇ ਤੋਂ ਬਾਅਦ ਬ੍ਰਹਮਪੁਰਾ ਨੇ ਬਿਕਰਮ ਮਜੀਠੀਆ ਅਤੇ ਉਨ੍ਹਾਂ ਦੀ ਭੈਣ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਿਰੁੱਧ ਜੰਮ ਕੇ ਭੜਾਸ ਕੱਢੀ। ਬ੍ਰਹਮਪੁਰਾ ਨੇ ਕਿਹਾ ਕਿ ਮਜੀਠੀਆ ਨੇ ਪਾਰਟੀ ਨੂੰ ਆਪਣੀ ਜੇਬ 'ਚ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨੂੰ ਬਹੁਤ ਸਮਝਾਇਆ ਸੀ ਕਿ ਤੁਸੀਂ ਬੱਚੇ ਹੋ, ਵੱਡੇ ਨਾ ਬਣੋ ਪਰ ਇਹ ਨਹੀ ਮੰਨੇ। ਅਸੀਂ ਇਨ੍ਹਾਂ ਨੂੰ ਕਿਹਾ ਸੀ ਕਿ ਹੋਈਆਂ ਗ਼ਲਤੀਆਂ ਦੀ ਭੁੱਲ ਬਖ਼ਸ਼ਾਓ ਪਰ ਇਹ ਨਹੀਂ ਮੰਨੇ। ਹਰਸਿਮਰਤ ਬਾਦਲ ਵੱਲੋਂ ਟਕਸਾਲੀ ਲੀਡਰਾਂ ਨੂੰ ਲੋਕਾਂ ਵੱਲੋਂ ਨਕਾਰੇ ਜਾਣ ਦਾ ਬੁਰਾ ਮਨਾਉਂਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਉਹ ਮੇਰੀ ਧੀਆਂ ਵਰਗੀ ਹੈ ਅਤੇ ਜੇਕਰ ਉਸ ਦੀ ਥਾਂ 'ਤੇ ਕੋਈ ਬੰਦਾ ਹੁੰਦਾ ਤਾਂ ਉਹ ਉਸ ਨੂੰ ਜਵਾਬ ਦਿੰਦੇ। ਇੰਨਾ ਹੀ ਨਹੀਂ ਬ੍ਰਹਮਪੁਰਾ ਨੇ ਕਿਹਾ ਕਿ ਉਹ ਇੱਕ ਲੱਖ ਵੋਟ ਦੇ ਫਰਕ ਨਾਲ ਸੰਸਦ ਮੈਂਬਰ ਚੁਣੇ ਗਏ ਹਨ ਜਦਕਿ ਹਰਸਿਮਰਤ ਬਾਦਲ 19,000 ਵੋਟਾਂ ਦੇ ਫਰਕ ਨਾਲ ਹੀ ਜਿੱਤੀ ਹੈ। ਇਸ ਹਿਸਾਬ ਨਾਲ ਲੋਕਾਂ ਵੱਲੋਂ ਨਕਾਰਿਆ ਲੀਡਰ ਤਾਂ ਇਹ ਹੈ। ਉਨ੍ਹਾਂ ਡਾ. ਰਤਨ ਸਿੰਘ ਅਜਨਾਲਾ ਦੇ ਵੀ ਵੋਟ ਅੰਕੜੇ ਗਿਣਾਉਂਦਿਆਂ ਹਰਸਿਮਰਤ ਦੇ ਇਲਜ਼ਾਮ ਨੂੰ ਝੂਠਾ ਪਾਉਣ ਦੀ ਕੋਸ਼ਿਸ਼ ਕੀਤੀ। ਆਪਣੀ ਅਗਲੀ ਰਣਨੀਤੀ ਬਾਰੇ ਬੋਲਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਜਿਵੇਂ ਉਨ੍ਹਾਂ ਆਪਣੇ ਹਲਕੇ 'ਚ ਇਕੱਠ ਕੀਤਾ ਸੀ, ਉਵੇਂ ਹੀ ਫਿਰ ਇਕੱਠ ਕਰਾਂਗੇ ਅਤੇ ਲੋਕਾ ਵਿਚ ਵੀ ਜਾਵਾਂਗੇ। ਉਨ੍ਹਾਂ ਕਿਹਾ ਕਿ 60 ਸਾਲ ਹੋ ਗਏ ਸਾਨੂੰ ਅਕਾਲੀ ਦਲ 'ਚ ਅਤੇ ਜੇਕਰ ਇਨ੍ਹਾਂ ਨੇ ਕੱਢ ਦਿੱਤਾ ਤਾਂ ਵੀ ਅਸੀਂ ਅਕਾਲੀ ਹੀ ਰਹਾਂਗੇ ਅਤੇ ਕਦੇ ਵੀ ਅਕਾਲੀ ਦਲ ਨੂੰ ਮਾੜਾ ਨਹੀਂ ਕਹਾਂਗੇ। ਉਨ੍ਹਾਂ ਸੁਖਦੇਵ ਸਿੰਘ ਢਿੰਡਸਾ ਵੱਲੋਂ ਅਸਤੀਫ਼ੇ ਤੋਂ ਬਾਅਦ ਵੱਟੀ ਚੁੱਪ 'ਤੇ ਕਿਹਾ ਕਿ ਉਨ੍ਹਾਂ ਸਾਡੇ ਤੋਂ ਪਹਿਲਾਂ ਅਸਤੀਫਾ ਦਿੱਤਾ ਪਰ ਉਹ ਇਨ੍ਹਾਂ ਖ਼ਿਲਾਫ਼ ਨਹੀਂ ਬੋਲੇ। ਉਨ੍ਹਾਂ ਇਸ ਬਾਰੇ ਬਹੁਤਾ ਕੁਝ ਕਹਿਣ ਤੋਂ ਮਨ੍ਹਾ ਕਰ ਦਿੱਤਾ।