ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ ਉਨ੍ਹਾਂ ਦਾ ਸਿੱਧਾ ਟਾਕਰਾ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਪਿਆ ਹੈ ਕਿਉਂਕਿ ਢੱਡਰੀਆਂਵਾਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਵਿਦਵਾਨਾਂ ਦੀ ਪੰਜ ਮੈਂਬਰੀ ਸਬ ਕਮੇਟੀ ਅੱਗੇ ਪੇਸ਼ ਨਹੀਂ ਹੋਏ। ਵਿਦਵਾਨ ਐਤਵਾਰ ਉਨ੍ਹਾਂ ਨੂੰ ਸ਼ਾਮ ਤੱਕ ਉਡੀਕਦੇ ਰਹੇ ਪਰ ਢੱਡਰੀਆਂਵਾਲੇ ਅਮਰੀਕਾ ਪਹੁੰਚ ਚੁੱਕੇ ਸੀ।


ਦਰਅਸਲ ਢੱਡਰੀਆਂਵਾਲੇ ਉਪਰ ਸਿੱਖ ਇਹਿਤਾਸ ਤੇ ਸਿੱਖ ਸਖਸ਼ੀਅਤਾਂ ਪ੍ਰਤੀ ਵਿਵਾਦਤ ਪ੍ਰਚਾਰ ਕਰਨ ਦੇ ਇਲਜ਼ਾਮ ਲੱਗੇ ਹਨ। ਸੰਗਤਾਂ ਦੀਆਂ ਸ਼ਿਕਾਇਤਾਂ ਮਗਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਢੱਡਰੀਆਂਵਾਲੇ ਦਾ ਪੱਖ ਜਾਣਨ ਲਈ ਵਿਦਵਾਨਾਂ ਦੀ ਪੰਜ ਮੈਂਬਰੀ ਸਬ ਕਮੇਟੀ ਗਠਿਤ ਕੀਤੀ ਗਈ ਹੈ। ਉਨ੍ਹਾਂ ਨੂੰ ਕਮੇਟੀ ਅੱਗੇ 22 ਦਸੰਬਰ ਨੂੰ ਪੇਸ਼ ਹੋਣ ਲਈ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ’ਚ ਬਕਾਇਦਾ ਹੱਥਦਸਤੀ ਦਿੱਤੇ ਪੱਤਰ ਤਹਿਤ ਸੱਦਿਆ ਗਿਆ ਸੀ।

ਐਤਵਾਰ ਨੂੰ ਢੱਡਰੀਆਂਵਾਲੇ ਜਾਂ ਉਨ੍ਹਾਂ ਦੇ ਕਿਸੇ ਨੁਮਾਇੰਦੇ ਵੱਲੋਂ ਪਹੁੰਚ ਨਹੀਂ ਕੀਤੀ ਗਈ। ਅਜਿਹੇ ’ਚ ਸਬ ਕਮੇਟੀ ਵੱਲੋਂ ਹੁਣ ਭਾਈ ਢੱਡਰੀਆਂ ਵਾਲੇ ਨੂੰ ਲਿਖੇ ਪੱਤਰ ’ਚ ਪੁੱਛਿਆ ਗਿਆ ਕਿ ਉਹ 5 ਜਨਵਰੀ, 2020 ਤੱਕ ਆਪਣੀ ਉਪਲਬੱਧਤਾ ਬਾਰੇ ਦੱਸਣ ਲਈ ਕੋਆਰਡੀਨੇਟਰ ਸਬ-ਕਮੇਟੀ ਨਾਲ ਸੰਪਰਕ ਕਰਨ ਤਾਂ ਜੋ ਅਗਲੀ ਇਕੱਤਰਤਾ ਦੀ ਤਾਰੀਕ ਨਿਸ਼ਚਿਤ ਕੀਤੀ ਜਾ ਸਕੇ।

ਢੱਡਰੀਆਂ ਵਾਲੇ ਦੇ ਸ਼ਿਕਾਗੋ ਪੁੱਜੇ ਹੋਣ ਦਾ ਪਤਾ ਲੱਗਿਆ ਹੈ। ਉਨ੍ਹਾਂ ਸ਼ਿਕਾਗੋ ਜਾਣ ਤੋਂ ਪਹਿਲਾਂ ਇੱਕ ਵੀਡੀਓ ਕਲਿੱਪ ’ਚ ਇਹ ਵੀ ਕਿਹਾ ਸੀ ਉਹ ਪੰਜ ਮੈਂਬਰੀ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ। ਵਾਇਰਲ ਹੋਈ ਇਸ ਵੀਡੀਓ ’ਚ ਭਾਈ ਢੱਡਰੀਆਂ ਵਾਲੇ ਦਾ ਕਹਿਣਾ ਸੀ ਕਿ ਉਹ ਪੁਜਾਰੀ ਪਰੰਪਰਾ ਦੇ ਪੈਰਾਂ ’ਚ ਨਹੀਂ ਬੈਠਣਗੇ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਇਤਿਹਾਸ ਪ੍ਰਤੀ ਦੁਹਰਾਏ ਆਪਣੇ ਕਥਨਾਂ ’ਤੇ ਅੱਜ ਵੀ ਪਹਿਲਾਂ ਵਾਂਗ ਹੀ ਕਾਇਮ ਹਨ ਤੇ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ ਤੇ ਬਿਨਾਂ ਗਲਤੀ ਦੇ ਕਿਸੇ ਤੋਂ ਮੁਆਫ਼ੀ ਨਹੀਂ ਮੰਗਣਗੇ।